ਪੰਜਾਬੀ ਵਿਚ ਲਿਖਿਆ ਸਾਹਿੱਤ ਨਹੀਂ ਵਿਕਦਾ, ਪਰ ਪੰਜਾਬੀ ਵਿਚ ਲਿਖਣ ਵਾਲੇ ਸਾਹਿੱਤਕਾਰ ਸਮੇਤ ਉਸ ਦਾ ਸਭ ਕੁੱਝ ਵਿਕਾਊ ਹੋ ਜਾਂਦਾ ਹੈ। ਪੰਜਾਬੀ ਵਿਚ ਲਿਖੀ ਜਾਂਦੀ ਇਕ-ਇਕ ਸਤਰ ਦੀ ਕੋਈ ਕੀਮਤ ਨਹੀਂ ਹੁੰਦੀ, ਸ਼ਾਇਦ ਇਸੇ ਹੀ ਕਾਰਨ ਪੰਜਾਬੀ ਵਿਚ ਲਿਖੇ ਜਾਂਦੇ ਸਾਹਿੱਤ ਦੀ ਕੋਈ ਕੀਮਤ ਨਹੀਂ ਪਾਈ ਜਾਂਦੀ, ਕੋਈ ਕੀਮਤ ਨਹੀਂ ਦਿੱਤੀ ਜਾਂਦੀ। ਪੰਜਾਬੀ ਵਿਚ ਸਾਹਿੱਤ ਲਿਖਣਾ ਕਮਾਈ ਵਾਲਾ ਧੰਦਾ ਤਾਂ ਕੀ ਅਜੇ ਤਕ ਧੰਦਾ ਵੀ ਨਹੀਂ ਬਣ ਸਕਿਆ।ਇਹ ਮੁਫ਼ਤੋ-ਮੁਫ਼ਤੀ ਲਿਖਿਆ ਜਾਂਦਾ ਹੈ ਤੇ ਪੱਲਿਓਂ ਪੈਸੇ ਦੇ ਕੇ ਛਪਵਾਇਆ ਜਾਂਦਾ ਹੈ। ਸ਼ਾਇਰ ਭਾਵੇਂ ਪੰਜਾਬੀ ਦਾ ਹੋਵੇ, ਭਾਵੇਂ ਉਰਦੂ ਜ਼ੁਬਾਨ ਦਾ ਹੋਵੇ, ਉਸ ਨੂੰ ਆਪਣੇ ਸ਼ਿਅਰ ‘ਅਰਜ਼ ਕਰਨੇ’ ਹੀ ਪੈਂਦੇ ਹਨ।
ਪੰਜਾਬੀ ਦੀਆਂ ਕਿਤਾਬਾਂ ਛਾਪਣ ਵਾਲੇ ਕਿਸੇ ਪ੍ਰਕਾਸ਼ਕ ਨੂੰ ਪੁੱਛ ਲਓ, ਉਹ ਵੱਡੇ-ਵੱਡੇ ਨਾਵਾਂ ਵਾਲੇ ਪੰਜਾਬੀ ਸਾਹਿੱਤਕਾਰਾਂ ਤੇ ਲੇਖਕਾਂ ਦੀਆਂ ਕਿਤਾਬਾਂ ਛਾਪ ਕੇ ਵੀ ਇਹੋ ਕਹਿੰਦਾ ਸੁਣੇਗਾ ਕਿ ਉਹ ਤਾਂ ਉਸ ਘੜੀ ਨੂੰ ਪਛਤਾਉਂਦਾ ਹੈ ਜਦੋਂ ਉਸ ਨੇ ਪੰਜਾਬੀ ਪ੍ਰਕਾਸ਼ਨ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਉਹ ਇੱਥੋਂ ਤਕ ਕਹਿ ਦੇਵੇਗਾ ਕਿ ਹੁਣ ਇੰਨੀ ਰਕਮ ਇਸ ਧੰਦੇ ਵਿਚ ‘ਫੂਕ’ ਕੇ ਇਸ ਤੋਂ ਖਹਿੜਾ ਵੀ ਨਹੀਂ ਛੁਡਾਇਆ ਜਾ ਸਕਦਾ। ਉਹ ਇਹ ਵੀ ਕਹਿ ਸਕਦਾ ਹੈ ਕਿ ਹੁਣ ਉਸ ਕੋਲ ਇਹ ਕੰਮ ਕਰਨ ਤੋਂ ਬਗ਼ੈਰ ਚਾਰਾ ਵੀ ਕੋਈ ਨਹੀਂ। ਇਸ ਲਈ ਇਹ ਕਹਿਣਾ ਸਮੁੱਚੇ ਤੌਰ ’ਤੇ ਸਹੀ ਨਾ ਵੀ ਲੱਗੇ, ਕਿਸੇ ਹੱਦ ਤਕ ਤਾਂ ਸਹੀ ਹੀ ਹੈ ਕਿ ਪੰਜਾਬੀ ਵਿਚ ਸਾਹਿੱਤ ਲਿਖਣ ਨਾਲ ਸਾਹਿੱਤਕਾਰ ਦਾ ਜਾਂ ਸਮਾਜ ਦਾ ਭਾਵੇਂ ਕੋਈ ਭਲਾ ਨਾ ਹੋਵੇ, ਪੰਜਾਬੀ ਸਾਹਿੱਤ ਦੇ ਪ੍ਰਕਾਸਕਾਂ ਦਾ ਭਲਾ ਤਾਂ ਹੋ ਹੀ ਜਾਂਦਾ ਹੈ। ਪੰਜਾਬੀ ਕਿਤਾਬਾਂ ਦੇ ਪ੍ਰਕਾਸ਼ਕ ਰੋਈ ਵੀ ਜਾਂਦੇ ਹਨ ਤੇ ਕਿਤਾਬਾਂ ਦੇ ਰੂਪ ਵਿਚ ਸਾਹਿੱਤ ਪਰੋਈ ਵੀ ਜਾਂਦੇ ਹਨ। ਇਹ ਮਸਲਾ ਹੀ ਇਹੋ ਜਿਹਾ ਹੈ ਕਿ ਇਸ ਨੂੰ ਵਾਧੂ ਮਸਾਲਾ ਲਾਉਣ ਦੀ ਵੀ ਲੋੜ ਨਹੀਂ ਤੇ ਇਸ ਬਾਰੇ ਕੋਈ ਮਸਾਲਾਂ ਦੇਣ ਦੀ ਵੀ ਲੋੜ ਨਹੀਂ।ਜਦੋਂ ਪੰਜਾਬੀ ਵਿਚ ਕਿਤਾਬ ਛਪਾ ਕੇ ਵੰਡਣੀ ਹੀ ਪੈਣੀ ਹੈ। ਉਸ ਸਬੰਧੀ ਗੋਸ਼ਟੀਆਂ ਕਰਾਉਣ ਲਈ ਸਾਹਿੱਤ ਸਭਾਵਾਂ ਤੇ ਹੋਰ ਸਾਹਿੱਤਕ ਸੰਸਥਾਵਾਂ ਨਾਲ ‘ਸੌਦੇ’ ਹੀ ਕਰਨੇ ਪੈਣੇ ਹਨ ਤਾਂ ਇਸ ਯੱਭ ਵਿਚ ਪੈਣ ਦੀ ਕੀ ਲੋੜ ਹੈ ਕਿਉਂ ਕਿ ਜੇ ਪਏ ਬਗ਼ੈਰ ਨਾ ਹੀ ਸਰਦਾ ਹੋਵੇ ਤਾਂ ਇਸ ਨਾਲੋਂ ਸਸਤੇ ਯੱਭ ਵੀ ਸਹੇੜੇ ਜਾ ਸਕਦੇ ਹਨ। ਪੰਜਾਬੀ ਵਿਚ ਕਿਤਾਬ ਲਿਖਣਾ ਤੇ ਫਿਰ ਛਪਾਉਣਾ ਘਾਟੇ ਦਾ ਹੀ ਨਹੀਂ, ਮਹਾਘਾਟੇ ਦਾ ਸੌਦਾ ਹੈ। ਮੈਂ ਤਾਂ ਇਹ ਵੀ ਸਮਝਦਾ ਹਾਂ ਕਿ ਇਹ ਕੋਈ ਸੌਦਾ ਹੀ ਨਹੀਂ ਹੈ। ਇਸ ਲਈ ਇਨ੍ਹਾਂ ਸਤਰਾਂ ਰਾਹੀਂ ਇਹ ਐਲਾਨ ਹੀ ਕਰ ਰਿਹਾ ਹਾਂ ਕਿ ਹੁਣ ਭਵਿੱਖ ਵਿਚ ਇਨ੍ਹਾਂ ਸ਼ਰਤਾਂ ’ਤੇ ਕਿਤਾਬ ਛਪਾਉਣ ਦੀ ਕੋਈ ਤਮੰਨਾ ਨਹੀਂ ਹੈ।
ਪੰਜਾਬੀ ਸਾਹਿੱਤ ਮੁਫ਼ਤਖ਼ੋਰੀ ਦਾ ਸਾਮਾਨ ਹੈ, ਜਿਸ ਕਰ ਕੇ ਸ਼ਾਇਰੀ ਦੇ ਰੂਪ ਵਿਚ ਹੁਣ ਤਕ ਜੋ ਕੁੱਝ ਲਿਖਿਆ ਪਿਆ ਹੈ, ਉਹ ਇਸ ਥਾਂ ਇਕੱਠਾ ਕਰ ਦੇਣਾ ਹੈ। ਇਕ ਤਰ੍ਹਾਂ ਨਾਲ ਇਹ ਮੇਰੀ ‘ਅਣਛਪੀ’ ਹੀ ਨਹੀਂ, ‘ਸ਼ਾਇਰੀ ਦੀ ਆਖ਼ਰੀ ਕਿਤਾਬ’ ਵੀ ਹੋਵੇਗੀ।
ਮਾੜੀ-ਮੋਟੀ ਕਲਮ ਚਲਾਉਣੀ ਹੀ ਆਉਂਦੀ ਹੈ। ਕਲਮ ਚਲਾਉਂਦਿਆਂ ਹੀ ਇੰਨਾ ਚਿਰ ਕੱਢ ਲਿਆ ਹੈ, ਜਿਸ ਕਰ ਕੇ ਕਲਮ ਚਲਦੀ ਰੱਖਣ ਤੋਂ ਬਗ਼ੈਰ ਕੋਈ ਚਾਰਾ ਵੀ ਨਹੀਂ ਹੈ ਨਾ। ਨਾਲੇ ਕਿਸੇ ਕਲਮ ਦਾ ਨਖ਼ਰੇ ਨਾਲ ਚੱਲਣਾ ਨਹੀਂ, ਚੱਲਣਾ ਹੀ ਕਾਫੀ ਹੁੰਦਾ ਹੈ।
-ਬਖ਼ਸ਼ਿੰਦਰ
ਸਾਹਿਤਕ ਸਲਾਮ ਬਖ਼ਸ਼ਿੰਦਰ ਜੀ ,
ReplyDeleteਤੁਸੀਂ ਸਭ ਕੁਝ ਹੀ ਸੱਚੋ ਸੱਚ ਲਿਖਿਆ ਜੀ, .... ਅੱਛਾ ਲੱਗਾ ...
ਇਵੇਂ ਹੀ ਦਰਸ਼ਨ ਦਿੰਦੇ ਰਹਿਣਾ .. ਤੇ ਵਿਚਾਰ ਸਾਂਝੇ ਕਰਦੇ ਰਹਿਣਾ ...
ਪੰਜਾਬੀ ਸਹਿਤ ਬਾਰੇ ਏਨਾ ਵੱਡਾ ਸਚ ਲਿਖਣ ਦੀ ਹਿਮਤ ਦਿਖਾਈ ਇਸ ਲਈ
ReplyDeleteਪ੍ਰਸੰਸਾ ਜਰੂਰੀ ਜਾਪਦੀ ਹੈ ਪਰ ਜਨਾਬ ਜੇ ਸਾਰੇ ਹੀ ਏਸ ਤਰਾਂ ਹਥ ਖੜੇ ਕਰ ਗਏ ਤਾਂ ਫਿਰ ਹਾਲਤ ਨੂੰ ਸੁਧਾਰੂ ਕੋਣ ਅਤੇ ਇਨਕਲਾਬ ਕੋਣ ਲਿਆਊ....????
ਕੁਇਲ ਮਿਲਾ ਕੇ ਠਿੱਬੀ ਤੋਂ ਬਾਅਦ ਇਹ ਬਹੁਤ ਹੀ ਵਧੀਆ ਉਪਰਾਲਾ ਹੈ....ਜਿਸ ਵਿਚ ਮੌਨ ਵੀ ਹੈ, ਸੰਵਾਦ ਵੀ ਅਤੇ ਤਸਵੀਰਾਂ ਵੀ.....ਵੈਸੇ ਵੀ ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰਖਤੀ ਹੈ...ਪਰ ਨਹੀਂ ਤਾਕ਼ਤੇ ਪਰਵਾਜ਼ ਮਗਰ ਰਖਤੀ ਹੈ...
ਬਖਸ਼ਿੰਦਰ ਜੀ,
ReplyDeleteਅੱਖਰ-ਅੱਖਰ ਸਹੀ ਹੈ। ਸੱਚ ਕਹਿਣ ਦੀ ਹਿੰਮਤ ਹੋਣਾ ਬਹੁਤ ਵੱਡਾ ਗੁਣ ਹੈ। ਫਿਰ ਦੇਖਣਾ ਤਾਂ ਇਹ ਹੈ ਕਿ ਕਿੰਨਿਆ ਕੁ ਦੇ ਇਹ ਸੱਚ ਹਜ਼ਮ ਹੁੰਦਾ ਹੈ।
ਹਰਦੀਪ