ਬਖ਼ਸ਼ਿੰਦਰੀਆਂ-5

 ‘ਕਨੰਈਏ’ ਨੂੰ ਘੇਰ ਬੈਠੇ ‘ਰਾਮਜ਼ਾਦੇ’ 
ਤੇ 
 ਹਨੂਮਾਨ ਨੂੰ ਨੋਟਿਸ
         ਪਿਛਲੇ ਕਈ ਦਿਨਾਂ ਤੋਂ ਮੇਰੇ ਭਾਰਤ ਮਹਾਨ ਦੀ ਹਰ ਇੱਟ ਉੱਤੇ ਕਈ-ਕਈ ਖ਼ਬਰਾਂ ਪਈਆਂ ਦਿਸਦੀਆਂ ਹਨ ਤੇ ਖ਼ਬਰਾਂ ਵੀ ਅਹਿਮ ਤੇ ਵੱਡੀਆਂ। ਇਕ ਖ਼ਬਰ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਭਰ ਵਿਚ ਆਪਣੇ ਤੋਂ ਇਲਾਵਾ ਸਾਰੇ ਗ਼ੱਦਾਰ ਹੀ ਦਿਸਦੇ ਹਨ।15 ਫਰਵਰੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਜੋ ਕੁੱਝ ਵੀ ਹੋਇਆ, ਉਹ ਹੁਣ ਕਿਸੇ ਤੋਂ ਗੁੱਝਾ ਨਹੀਂ ਹੈ। ਉਸ ਦਿਨ, ਭਾਰਤੀ ਜਨਤਾ ਪਾਰਟੀ ਦੇ ਕੁੱਝ ਮੈਂਬਰਾਂ, ਜਿਨ੍ਹਾਂ ਵਿਚ ਓ. ਪੀ. ਸ਼ਰਮਾ ਨਾਂ ਦਾ ਇਕ ਵਿਧਾਇਕ ਵੀ ਸ਼ਾਮਲ ਸੀ ਅਤੇ ਕੁੱਝ ਵਕੀਲਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨੰ੍ਹਈਆ ਕੁਮਾਰ ਦੇ ਹਮਾਇਤੀ ਵਿਦਿਆਰਥੀਆਂ ਤੇ ਹੋਰ ਲੋਕਾਂ ਉੱਤੇ ਹਮਲਾ ਹੀ ਕਰ ਦਿੱਤਾ ਕਿਉਂ ਕਿ ਉਨ੍ਹਾਂ ਨੂੰ ਉਹ ਸਾਰੇ ਹੀ ਗ਼ੱਦਾਰ ਦਿਸ ਰਹੇ ਸਨ। ਇਸ ਹਮਲੇ ਦੇ ਸ਼ਿਕਾਰ ਹੋਏ, ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਅਮੀਕ ਜਮਾਈ ਨੂੰ ਤਾਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਓ. ਪੀ. ਸ਼ਰਮਾ ਨੇ ਢਾਹ ਹੀ ਲਿਆ। ਇੰਨਾ ਹੀ ਨਹੀਂ, ਜਨਾਬ ਜਮਾਈ ਨੂੰ ਮੁੱਕੇ ਅਤੇ ਠੁੱਡੇ ਵੀ ਮਾਰੇ ਗਏ। ਉਸ ਦਿਨ ਕਨ੍ਹੰਈਆ ਨੂੰ ਗ਼ੱਦਾਰੀ ਦੇ ਦੋਸ਼ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
9 ਫਰਵਰੀ, 2016 ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਵਿਚ ਕੀ ਹੋਇਆ, ਇਸ ਵੱਲ ਵੀ ਗ਼ੌਰ ਕਰਨਾ ਬਣਦਾ ਹੈ। ਇਸ ਸਬੰਧ ਵਿਚ ਹਰਸ਼ਿਤ ਅਗਰਵਾਲ ਨਾਂ ਦੇ ਇਕ ਵਿਦਿਆਰਥੀ ਨੇ ਏਦਾਂ ਕਿਹਾ, “ਮੈਂ ਢਾਈ ਸਾਲਾਂ ਤੋਂ ਇਸ ਯੂਨੀਵਰਸਿਟੀ ਵਿਚ ਪੜ੍ਹਨ ਦੌਰਾਨ ਇਸ ਤਰ੍ਹਾਂ ਭਾਰਤ ਵਿਰੋਧੀ ਨਾਅਰੇਬਾਜ਼ੀ ਹੁੰਦੀ ਨਹੀਂ ਸੁਣੀ ਸੀ। ਉਸ ਦਿਨ ‘ਡੈਮੋਕ੍ਰੈਟਿਕ ਸਟੂਡੈਂਟਸ ਯੂਨੀਅਨ’ ਕਹਾਉਂਦੀ ਇਕ ਜਥੇਬੰਦੀ ਦੇ ਸਾਬਕਾਂ ਮੈਂਬਰਾਂ ਨੇ ਅਫ਼ਜ਼ਲ ਗੁਰੂ ਅਤੇ ਮਕਬੂਲ ਬੱਟ ਨੂੰ ਫਾਂਸੀ ਦੇਣ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਇਕ ਸਭਿਆਚਾਰਕ ਮੀਟਿੰਗ ਕਰਨ ਦਾ ਸੱਦਾ ਦਿੱਤਾ ਹੋਇਆ ਸੀ। ਇਸ ਮੀਟਿੰਗ ਵਿਚ ‘ਸਵੈਨਿਰਣੇ ਦੇ ਹੱਕ ਦੀ ਮੰਗ ਦੇ ਹੱਕ ਵਿਚ ਕਸ਼ਮੀਰੀ ਲੋਕਾਂ ਵੱਲੋਂ ਜਾਰੀ ਸੰਘਰਸ਼ ਦੀ ਹਮਾਇਤ ਵੀ ਕੀਤੀ ਜਾਣੀ ਸੀ। ਇਸ ਮੀਟਿੰਗ ਵਿਚ, ਇਸ ਯੂਨੀਵਰਸਿਟੀ ਦੇ ਤੇ ਹੋਰ ਯੂਨੀਵਰਸਿਟੀਜ਼ ਦੇ ਕਸ਼ਮੀਰੀ ਵਿਦਿਆਰਥੀਆਂ ਨੇ ਵੀ ਸ਼ਿਰਕਤ ਕਰਨੀ ਸੀ। ਵਿਦਿਆਰਥੀਆਂ ਦੀ ਇਹ ਜਥੇਬੰਦੀ ਮਾਓਵਾਦੀਆਂ ਦੀ ਜਥੇਬੰਦੀ ਸਮਝੀ ਜਾਂਦੀ ਹੈ। 
“ਇਹ ਮੀਟਿੰਗ ਹਾਲ਼ੇ ਸ਼ੁਰੂ ਨਹੀਂ ਹੋਈ ਸੀ ਕਿ ‘ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ (ਏ. ਬੀ. ਵੀ. ਪੀ.), ਜੋ ਆਪਣੇ-ਆਪ ਨੂੰ ਰਾਸ਼ਟਰਵਾਦ ਦੀ ਮੁੱਖ ਝੰਡਾਬਰਦਾਰ ਸਮਝਦੀ ਹੈ, ਨੇ ਪ੍ਰਸ਼ਾਸਨ ਨੂੰ ਕਿਹਾ ਕਿ ਉਹ, ਇਹ ਮੀਟਿੰਗ ਕਰਨ ਲਈ ਦਿੱਤੀ ਇਜਾਜ਼ਤ ਰੱਦ ਕਰੇ ਕਿਉਂ ਕਿ ‘ਇਹ ਮੀਟਿੰਗ ਯੂਨੀਵਰਸਿਟੀ ਦੇ ਮਾਹੌਲ ਲਈ ਨੁਕਸਾਨਦੇਹ ਹੈ’। ਪ੍ਰਸ਼ਾਸਨ ਨੇ ਦੋਹਾਂ ਧਿਰਾਂ ਵਿਚਾਲ਼ੇ ਟਕਰਾਅ ਹੋਣ ਦੀ ਸੰਭਾਵਨਾ ਤਾੜ ਕੇ ਮੀਟਿੰਗ ਕਰਨ ਦੀ ਇਜਾਜ਼ਤ ਰੱਦ ਕਰ ਦਿੱਤੀ। ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿਚ ਹਰ ਤਰ੍ਹਾਂ ਦੇ ਵਿਚਾਰਾਂ ਦੇ ਹਮਾਇਤੀਆਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਹਨ। ਇਹ ਮੀਟਿੰਗ ਰੱਦ ਕਰਾ ਕੇ ਏ. ਬੀ. ਵੀ. ਪੀ. ਨੇ ਆਪਣੀ ਹੈਂਕੜ ਹੀ ਦਿਖਾਈ ਸੀ। ਇਸ ਤੋਂ ਬਾਅਦ, ਡੀ. ਐੱਸ. ਯੂ. ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਯਾਨੀ ਜੇ. ਐੱਨ. ਯੂ. ਐੱਸ. ਯੂ. ਤੋਂ ਅਤੇ ਹੋਰ ਖੱਬੇ ਪੱਖੀ ਜਥੇਬੰਦੀਆਂ ਤੋਂ ਮਦਦ ਮੰਗੀ। ਇਹ ਮਦਦ, ਕਸ਼ਮੀਰ ਬਾਰੇ ਆਪਣੀ ਵਿਚਾਰਧਾਰਾ ਦੀ ਹਮਾਇਤ ਖ਼ਾਤਰ ਨਹੀਂ ਸੀ, ਸਗੋਂ ਜਮਹੂਰੀ ਢੰਗ ਨਾਲ਼ ਮੀਟਿੰਗ ਕਰਨ ਦੇ ਸਬੰਧ ਵਿਚ ਮੰਗੀ ਗਈ ਸੀ। ਬਾਕੀ ਜਥੇਬੰਦੀਆਂ ਨੇ ਵੀ ਇਸ ਤਰ੍ਹਾਂ ਮੀਟਿੰਗ ਕਰਨ ਦੀ ਇਜਾਜ਼ਤ ਰੱਦ ਕਰਨ ਅਤੇ ਏ. ਬੀ. ਵੀ. ਪੀ. ਵੱਲੋਂ ਨਜਾਇਜ਼ ਦਖ਼ਲ ਦੇਣ ਦਾ ਵਿਰੋਧ ਕੀਤਾ। ਉਨ੍ਹਾਂ ਨੇ ਉਹ ਮੀਟਿੰਗ ਕਰਨ ’ਤੇ ਅੜੇ ਰਹਿਣ ਲਈ ਕਿਹਾ।
“ਇਸ ਦੌਰਾਨ ਪ੍ਰਸ਼ਾਸਨ ਨੇ ਬੈਡਮਿੰਟਨ ਦੀ ਉਹ ਕੋਰਟ ਰੋਕਣ ਲਈ ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤੇ, ਜਿਸ ਵਿਚ ਇਹ ਮੀਟਿੰਗ ਕੀਤੀ ਜਾਣੀ ਸੀ। ਇਸ ਦੇ ਨਾਲ਼ ਹੀ ਮੀਟਿੰਗ ਲਈ ਮਾਈਕਰੋਫੋਨਜ਼ ਦੀ ਵਰਤੋਂ ਕਰਨ ਦੀ ਮਨਾਹੀ ਵੀ ਕਰ ਦਿੱਤੀ। ਮੀਟਿੰਗ ਕਰਨ ਵਾਲ਼ਿਆਂ ਨੇ ਇਸ ਦਾ ਕੋਈ ਵਿਰੋਧ ਨਾ ਕੀਤ ਤੇ ਫੈਸਲਾ ਕੀਤਾ ਕਿ ਉਹ ਇਹ ਮੀਟਿੰਗ, ਢਾਬੇ ਵਿਚ ਮਾਈਕਾਂ ਤੋਂ ਬਗ਼ੈਰ ਹੀ ਕਰ ਲੈਣਗੇ।ਇੰਨੇ ਵਿਚ ਏ. ਬੀ. ਵੀ. ਪੀ. ਵਾਲ਼ਿਆਂ ਨੇ ਆ ਕੇ, ‘ਯੇਹ ਕਸ਼ਮੀਰ ਹਮਾਰਾ ਹੈ-ਸਾਰੇ ਕਾ ਸਾਰਾ ਹੈ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਜੁਆਬ ਵਿਚ ਮੀਟਿੰਗ ਕਰਨ ਵਾਲ਼ਿਆਂ ਨੇ ‘ਹਮ ਕਿਆ ਚਾਹਤੇ ਹੈਂ-ਆਜ਼ਾਦੀ!’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।ਇਸ ਤੋਂ ਬਾਅਦ ‘ਤੁਮ ਕਿਤਨੇ ਅਫ਼ਜ਼ਲ ਮਾਰੋਗੇ-ਹਰ ਘਰ ਸੇ ਅਫ਼ਜ਼ਲ ਨਿਕਲੇਗਾ’ ਦੇ ਨਾਅਰੇ ਵੀ ਲੱਗੇ।
“ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਜੇ. ਐੱਨ. ਯੂ. ਤੋਂ ਬਾਹਰੋਂ ਆਏ ਹੋਏ ਕੁੱਝ ਕਸ਼ਮੀਰੀ ਵਿਦਿਆਰਥੀਆਂ ਨੇ ਭੀੜ ਦੇ ਵਿਚਾਲ਼ੇ ਇਕ ਦਾਇਰਾ ਬਣਾ ਕੇ ‘ਭਾਰਤ ਕੀ ਬਰਬਾਦੀ ਤਕ-ਜੰਗ ਰਹੇਗੀ, ਜੰਗ ਰਹੇਗੀ’ ਅਤੇ ‘ਇੰਡੀਆ ਗੋ ਬੈਕ’ ਦੇ ਨਾਅਰੇ ਲਗਾਏ।”
‘ਪਾਕਿਸਤਾਨ-ਜ਼ਿੰਦਾਬਾਦ’ ਦੇ ਨਾਅਰਿਆਂ ਦੇ ਸਬੰਧ ਵਿਚ ਹਰਸ਼ਿਤ ਅਗਰਵਾਲ ਦਾ ਕਹਿਣਾ ਹੈ, “ਇਸ ਮਾਮਲੇ ਵਿਚ ਗੜਬੜ ਹੈ। ਮੈਂ ਉੱਥੇ ਮੌਜੂਦ ਸਾਂ, ਪਰ ਮੈਂ ਇਹੋ ਜਿਹਾ ਕੋਈ ਨਾਅਰਾ ਨਹੀਂ ਸੁਣਿਆ। ਇਸ ਘਟਨਾ ਦੀ ਵਿਡੀਓ, ਵਿਚ ਇਹ ਨਾਅਰਾ ਸੁਣਾਈ ਦਿੰਦਾ ਹੈ, ਪਰ ਉਸ ਵਿਚ ਵੀ ਇਹ ਸਪੱਸ਼ਟ ਨਹੀਂ ਕਿ ਇਹ ਨਾਅਰਾ ਲਗਾਉਣ ਵਾਲ਼ਾ ਕੌਣ ਹੈ।”
ਇਸ ਤੋਂ ਮਗਰੋਂ ਸਰਕਾਰ ਨੇ ਕੀ ਕੀਤਾ, ਦੇ ਸਬੰਧ ਵਿਚ ਉਹ ਏਦਾਂ ਕਹਿੰਦਾ ਹੈ, “ਪੁਲੀਸ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਹੁਕਮ ’ਤੇ ਸਾਡੀ ਯੂਨੀਵਰਸਿਟੀ ਵਿਚ ਛਾਪੇ ਮਾਰੇ ਤੇ ਜੇ. ਐੱਨ. ਯੂ. ਐੱਸ. ਯੂ. ਦੇ ਪ੍ਰਧਾਨ ਕਨੰ੍ਹਈਆ ਕੁਮਾਰ ਨੂੰ ਚੁੱਕ ਲਿਆ। ਬਾਅਦ ’ਚ ਅਦਾਲਤ ਨੇ ਉਸ ਨੂੰ 3 ਦਿਨਾਂ ਲਈ ਪੁਲੀਸ ਰਿਮਾਂਡ ਵਿਚ ਦੇ ਦਿੱਤਾ।ਕਨੰ੍ਹਈਆ ਕੁਮਾਰ ਨੇ ਕੋਈ ਨਾਅਰਾ ਨਹੀਂ ਲਗਾਇਆ ਸੀ, ਨਾ ਹੀ ਉਸ ਨੇ ਕੋਈ ਹੋਰ ਖੁਨਾਮੀ ਕੀਤੀ ਸੀ।ਉਸ ਤੋਂ ਅਗਲੇ ਦਿਨ ਕੁੱਝ ਹੋਰ ਵਿਦਿਆਰਥੀ ਫੜ ਲਏ ਗਏ।”
*****
ਇਸ ਦੌਰਾਨ ਫਰਾਂਸ ਦੇ ਅਖ਼ਬਾਰ ‘ਲੇ ਮੌਂਡੇ’ ਆਪਣੇ ਇਕ ਸੰਪਾਦਕੀ ਨੋਟ ਵਿਚ ਫਰਾਂਸ ਸਰਕਾਰ ਨੂੰ ਕਿਹਾ ਹੈ ਕਿ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਜੋ ਕੁੱਝ ਹੋਇਆ ਹੈ, ਉਸ ਵਿਚ ਮਨੁੱਖੀ ਹੱਕਾਂ ਬਾਰੇ ਹੋਈਆਂ ਨਿਹੱਕੀਆਂ ਗੱਲਾਂ ਦਾ ਮਾਮਲਾ ਭਾਰਤ ਸਰਕਾਰ ਅੱਗੇ ਉਠਾਏ। ਇਸ ਸੰਪਾਦਕੀ ਟਿੱਪਣੀ ਵਿਚ ਏਦਾਂ ਲਿਖਿਆ ਹੋਇਆ ਹੈ, “ਜੇ. ਐੱਨ. ਯੂ. ਵਿਚ ਇਕ ਵਿਦਿਆਰਥੀ ਅਤੇ ਦਿੱਲੀ ਵਿਚੋਂ ਇਕ ਸਾਬਕਾ ਪ੍ਰੋਫੈਸਰ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਉੱਤੇ ‘ਦੇਸ਼-ਧ੍ਰੋਹ’ ਦੇ ਦੋਸ਼ ਲਗਾਏ ਜਾਣੇ, ਇਕ ਹਿੰਦੂ ਰਾਸ਼ਟਰਵਾਦੀ ਸਰਕਾਰ ਦੇ ਹੈਂਕੜਬਾਜ਼ ਹੋ ਜਾਣ ਦੀ ਸੱਜਰੀ ਮਿਸਾਲ ਹੈ....।” ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਗ਼੍ਰਿਫ਼ਤਾਰੀਆਂ ਦੀ ਵਜ੍ਹਾ ਤਾਂ ਅਸਪੱਸ਼ਟ ਹੈ ਹੀ, ਵਿਦਿਆਰਥੀਆਂ ਨੇ ਇਸ ਸਬੰਧ ਵਿਚ ਦੇਸ਼ ਭਰ ਵਿਚ ਰੋਹ ਭਰੇ ਮੁਜ਼ਾਹਰੇ ਵੀ ਕੀਤੇ ਹਨ।
‘ਇਨ ਇੰਡੀਆ, ਦਾ ਵਰੀਸਮ ਨੈਸ਼ਨਲਿਜ਼ਮ ਔਫ ਮੋਦੀ’ (ਭਾਰਤ ਵਿਚ ਮੋਦੀ ਦਾ ਚਿੰਤਾਜਨਕ ਰਾਸ਼ਟਰਵਾਦ) ਸਿਰਲੇਖ ਅਧੀਨ ਲਿਖੇ ਗਏ ਇਸ ਲੇਖ ਵਿਚ ‘ਹਿੰਦੂ ਰਾਸ਼ਟਰਵਾਦੀਆਂ ਵੱਲੋਂ ਭਾਰਤੀ ਝੰਡੇ ਦੀ ਰਾਖੀ ਕਰਨ ਲਈ’ ਕੀਤੇ ਗਏ ਹੀਲੇ ਨੂੰ ‘ਸਵੈਵਿਰੋਧੀ’ ਕਰਾਰ ਦਿੱਤਾ ਗਿਆ ਹੈ।ਇਸ ਲੇਖ ਵਿਚ ਇੱਥੋਂ ਤਕ ਲਿਖਿਆ ਹੋਇਆ ਹੈ ਕਿ ਇਨ੍ਹਾਂ ਲੋਕਾਂ ਜਾਂ ਸੰਗਠਨਾਂ ਵੱਲੋਂ ‘ਰਾਸ਼ਟਰ ਦੇ ਰਾਖੇ ਦਿਸਣ’ ਲਈ ਕੀਤੀਆਂ ਜਾਂਦੀਆਂ ਅਜਿਹੀਆਂ  ਕੋਸ਼ਿਸ਼ਾਂ ‘ਮਸ਼ਕੂਕ’ ਸਨ ਕਿਉਂ ਕਿ ਉਹ, ‘ਅਜ਼ਾਦੀ ਪ੍ਰਾਪਤੀ ਤੋਂ ਲੈ ਕੇ, ਭਾਰਤੀ ਜਮਹੂਰੀਅਤ ਦੇ ਥੰਮਾਂ ਵਿਚ ਵਿਚ ਸ਼ੁਮਾਰ ਕੀਤੀ ਜਾਂਦੀ ਧਰਮ ਨਿਰਪੱਖਤਾ ਨੂੰ ਢਾਹ ਲਾਉਣ ਦੇ ਹੀਲੇ ਕਰਨ ਵਿਚ ਲੱਗੇ ਰਹੇ ਹਨ। ਇਸ ਨੁਕਤਾਚੀਨੀ ਨੂੰ ਇੱਥੋਂ ਤਕ ਲਿਆ ਕੇ ਵੀ ਦਮ ਨਾ ਲੈਂਦਿਆਂ ਸੰਪਾਦਕ ਨੇ ਇਹ ਵੀ ਲਿਖ ਦਿੱਤਾ ਕਿ ਜੇ. ਐੱਨ. ਯੂ. ਦੇ ਵਿਦਿਆਰਥੀ ਆਗੂ ਕਨੰ੍ਹਈਆ ਕੁਮਾਰ ਅਤੇ ਇਕ ਅਧਿਆਪਕ ਨੂੰ ਹਿਰਾਸਤ ਵਿਚ ਲੈਣ ਲਈ ਬਸਤੀਵਾਦੀ ਯੁੱਗ ਦੇ ਉਸ ਕਾਨੂੰਨ ਦੀ ਵਰਤੋਂ ਕੀਤੀ ਗਈ ਹੈ, ਜਿਸ ਅਧੀਨ ਕਦੇ ਮਹਾਤਮਾ ਗਾਂਧੀ ਨੂੰ ਹਿਰਾਸਤ ਵਿਚ ਲਿਆ ਜਾਂਦਾ ਸੀ। ਸੰਪਾਦਕ ਨੇ ਇਹ ਗੱਲ ‘ਅਜੀਬ’ ਕਰਾਰ ਦਿੱਤੀ ਹੈ।
ਮੁੱਕਦੀ ਗੱਲ ਇਹ ਕਿ ਇਸ ਅਖ਼ਬਾਰ ਦੇ ਸੰਪਾਦਕ ਨੇ ਆਪਣੇ ਇਸ ਲੇਖ ਵਿਚ ਮੋਦੀ ਸਰਕਾਰ ਦੇ ਆਹੂ ਲਾਹੇ ਹੋਏ ਹਨ।

*****
ਬਿਹਾਰ ਦੇ ਪਟਨਾ ਸ਼ਹਿਰ ਤੋਂ ਖ਼ਬਰ ਆਈ ਹੈ ਕਿ ਸੀਤਾ ਦੀ ਦੁਰਗਤ ਕਰਨ ਦੇ ਮਾਮਲੇ ਵਿਚ, ਸੀਤਾਮੜੀ ਦੀ ਇਕ ਅਦਾਲਤ ਭਗਵਾਨ ਰਾਮ ਚੰਦਰ ਅਤੇ ਉਨ੍ਹਾਂ ਦੇ ਭਰਾ ਲਛਮਣ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਾਏ ਜਾਣ ਤੋਂ ਅੱਠ ਦਿਨ ਬਾਅਦ ਹੀ ਹਨੂਮਾਨ ਭਗਵਾਨ ਨੂੰ ਵੀ ਅਦਾਲਤੀ ਨੋਟਿਸ ਭੇਜ ਦਿੱਤਾ ਗਿਆ ਹੈ। ਜ਼ਿਲਾ ਬੇਗੂਸਰਾਏ ਵਿਚ ‘ਬਜਰੰਗ ਬਲੀ’ ਨੂੰ ਇਹ ਨੋਟਿਸ, ਨਜਾਇਜ਼ ਕਬਜ਼ੇ ਦੇ ਇਕ ਕੇਸ ਅਧੀਨ ਜਾਰੀ ਕੀਤਾ ਗਿਆ ਹੈ। ਲੋਹੀਆ ਨਗਰ ਇਲਾਕੇ ਵਿਚ ਸੜਕ ਦੇ ਕੰਢੇ ਬਣਿਆ ਹੋਇਆ ਇਕ ਮੰਦਰ, ‘ਪੌਣ-ਪੁੱਤ’ ਨੂੰ ਨੋਟਿਸ ਮਿਲਣ ਦਾ ਸਬੱਬ ਬਣਿਆ ਹੋਇਆ ਹੈ।
ਇਹ ਨੋਟਿਸ ਜਾਰੀ ਕਰਦਿਆਂ ਸਰਕਲ ਅਧਿਕਾਰੀ ਨੇ ਹੁਕਮ ਦਿੱਤਾ ਹੈ ਕਿ ਸੜਕ ਦੇ ਕੰਢੇ ਬਣਾਇਆ ਹੋਇਆ ਇਹ ਮੰਦਰ ਢਾਹ ਦਿੱਤਾ ਜਾਵੇ ਕਿਉਂ ਕਿ ਇਸ ਨਾਲ਼ ਸੜਕ ਉੱਤੇ ਆਵਾਜਾਈ ਵਿਚ ਅੜਿੱਕਾ ਪੈਂਦਾ ਹੈ।
        ਜੈ ਭਗਤਾਂ ਦੀ ਸਰਕਾਰ ਦੀ, ਜੈ  ਸਰਕਾਰ ਦੇ ਭਗਵਾਨਾਂ ਦੀ!#    


ਬਖ਼ਸ਼ਿੰਦਰੀਆਂ-4


ਬਲਾਤਕਾਰ ਦੀ ਕਾਨੂੰਨੀ ਖੁੱਲ੍ਹ ਦੇਣ ’ਤੇ ਜ਼ੋਰ

ਨਿਊ ਜ਼ੀਲੈਂਡ ਸਮੇਤ ਜਹਾਨ ਦੇ ਕਈ ਮੁਲਕਾਂ ਵਿਚ ਮਰਦਾਂ ਦਾ ਇਕ ਇਹੋ ਜਿਹਾ ਗਰੁੱਪ ਸਥਾਪਤ ਕੀਤਾ ਗਿਆ ਹੈ, ਜਿਸ ਦੇ ਮੈਂਬਰ ਇਹ ਸਮਝਦੇ ਹਨ ਕਿ ਕਿਸੇ ਵੀ ਨਿੱਜੀ ਥਾਂ ਵਿਖੇ ਬਲਾਤਕਾਰ ਕਰਨ ਦੀ ਕਾਨੂੰਨੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ। ‘ਰਿਟਰਨ ਆਫ ਕਿੰਗਜ਼’ ਨਾਂ ਦੇ ਇਸ ਗਰੁੱਪ ਦੀਆਂ ਮੀਟਿੰਗਾਂ, 6 ਫਰਵਰੀ ਨੂੰ ਜਹਾਨ ਭਰ ਵਿਚ 44 ਥਾਈਂ ਹੋਣੀਆਂ ਮਿੱਥੀਆਂ ਗਈਆਂ ਸਨ, ਪਰ ਇਸ ਗਰੁੱਪ ਦੇ ਆਗੂ ਦਰਯੂਸ਼ ‘ਰੂਸ਼’ ਵਲੀਜ਼ਾਦੇ ਵੱਲੋਂ ਇਸ ਗਰੁੱਪ ਦੇ ਏਜੰਡੇ ਦੇ ਸਬੰਦ ਵਿਚ ਦਿੱਤੇ ਗਏ ਬਿਆਨਾਂ ਤੋਂ ਜਹਾਨ ਭਰ ਵਿਚ, ਇਹ ਮੀਟਿੰਗਾਂ ਕਰਨ ਦਾ ਵਿਰੋਧ ਕੀਤਾ ਗਿਆ, ਜਿਸ ਕਰ ਕੇ ਇਹ ਮੀਟਿੰਗਾਂ ਕਰਨ ਦਾ ਫੈਸਲਾ ਸਿਰੇ ਨਾ ਚੜ੍ਹਾਇਆ ਗਿਆ। 
ਇਸ ਗਰੁੱਪ ਦੀ ਵੈੱਬਸਾਈਟ ਉੱਤੇ ਇਸ ਗਰੁੱਪ ਦਾ ਏਜੰਡਾ ਦਰਜ ਕੀਤਾ ਹੋਇਆ ਹੈ, ਜਿਸ ਵਿਚ ਇਹ ਗੱਲ ਬਹੁਤ ਉਭਾਰ ਕੇ ਕਹੀ ਹੋਈ ਹੈ ਕਿ ਕਿਸੇ ਔਰਤ ਦੀ ਕਦਰ ਉਸ ਦੀ, ਬੱਚੇ ਪੈਦਾ ਕਰਨ ਦੀ ਸਮਰੱਥਾ ਅਤੇ ਉਸ ਦੀ ਸੁੰਦਰਤਾ ’ਤੇ ਹੀ ਨਿਰਭਰ ਹੈ। ਔਰਤਾਂ ਵਿਚ ਆਈ ਨਵੀਂ ਜਾਗ੍ਰਿਤੀ ਨੇ ਪਰਿਵਾਰ ਦਾ ਬੇੜਾ ਗ਼ਰਕ ਕਰ ਦਿੱਤਾ ਹੈ। ਇਸ ਏਜੰਡੇ ਵਿਚ ਇਹ ਲਿਖਿਆ ਹੋਇਆ ਹੈ, “ਔਰਤਾਂ ਅਤੇ ਸਮਲਿੰਗੀਆਂ ਨੂੰ ਇਸ ਗਰੁੱਪ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਤੋਂ ਰੋਕਿਆ ਜਾਵੇ, ਪਰ ਜੇ ਕੋਈ ‘ਸੁਹਣੀ ਕੁੜੀ’ ਆ ਹੀ ਜਾਵੇ ਤੇ ਮੀਟਿੰਗ ਵਿਚ ਸ਼ਾਮਲ ਹੋਣ ਦਾ ਹੀਲਾ ਕਰੇ ਤਾਂ ਗਰੁੱਪ ਦੇ ਮੈਂਬਰ ਉਸ ਤੋਂ ਉਸ ਦਾ ਫੋਨ ਨੰਬਰ ਲੈ ਕੇ, ਉਸ ਨੂੰ ਦਫ਼ਾ ਕਰ ਦੇਣ।” 
ਵਲੀਜ਼ਾਦੇ ਨੇ ਹਾਲ ਹੀ ਵਿਚ ‘ਟਵਿੱਟਰ’ ਉੱਤੇ ਦਰਜ ਕੀਤੀ ਆਪਣੀ ਟਿੱਪਣੀ ਵਿਚ ਏਦਾਂ ਲਿਖਿਆ ਸੀ, “ਮੈਂ ਇਨ੍ਹਾਂ ਮੀਟਿੰਗਾਂ ਦੇ ਸਬੰਧ ਵਿਚ ਆਸਟਰੇਲੀਆ ਜਾ ਰਿਹਾ ਹਾਂ।18 ਤੋਂ 22 ਸਾਲ ਦੀਆਂ ਸਾਰੀਆਂ ਆਸਟਰੇਲੀਆਈ ਕੁੜੀਆਂ ਸੁਣ-ਸਮਝ ਲੈਣ ਕਿ ਮੈਂ ਉਨ੍ਹਾਂ ਦੇ ਮੁਲਕ ਆ ਰਿਹਾ ਹਾਂ ਤੇ ਮੇਰੇ ਨਾਲ਼ ਸ਼ਰਾਬ ਪੀਣ ਦੇ ਨਾਲ਼-ਨਾਲ਼ ਮੁਲਾਕਾਤ ਕਰ ਸਕਦੀਆਂ ਹਨ।” ਇਹ ਮੀਟਿੰਗਾਂ ਹੋਣ ਤੋਂ ਰੋਕਣ ਲਈ ਇਕ ਰਾਤ ਵਿਚ ਇਕ ਪਟੀਸ਼ਨ ਉੱਪਰ ਵੀਹ ਹਜ਼ਾਰ ਲੋਕਾਂ ਨੇ ਦਸਤਖ਼ਤ ਕੀਤੇ ਸਨ।
ਇਸ ਸਬੰਧ ਵਿਚ ਹੋਰ ਤਾਂ ਕੀ ਕਹਿਣਾ, ਇੰਨਾ ਜ਼ਰੂਰ ਕਹਾਂਗਾ ਕਿ ਵਲੀਜ਼ਾਦੇ ਦੀ ਆਪਣੀ ਕੋਈ ਭੈਣ ਨਹੀਂ ਹੋਵੇਗੀ ਤੇ ਉਹ ਵਲੀਜ਼ਾਦਾ ਹੈ ਜਾਂ ਨਹੀਂ, ‘ਹਰਾਮਜ਼ਾਦਾ’ ਜ਼ਰੂਰ ਹੈ।  
**** 
ਪਿਆਰ, ਇਸ਼ਕ ਜਾਂ ਮੁਹੱਬਤ ਬਹੁਤ ਹੀ ਪਾਕ-ਸਾਫ਼ ਜਜ਼ਬਾ ਸਮਝਿਆ ਜਾਂਦਾ ਹੈ, ਪਰ ਅੱਜ-ਕੱਲ੍ਹ ਇਹ ਜਜ਼ਬਾ ਵੀ ਵਪਾਰ-ਕਾਰੋਬਾਰ ਬਣਾ ਦਿੱਤਾ ਗਿਆ ਹੈ। ਪਿਛਲੇ ਕੁੱਝ ਸਮੇਂ ਤੋਂ ਕਾਮਸੂਤਰ ਦੀ ਧਰਤੀ ਭਾਰਤ ਦੇ ਲੋਕ ਦੋ ਹਿੱਸਿਆਂ ਵਿਚ ਵੰਡੇ ਹੋਏ ਹਨ ਅਤੇ ੳੇਹ ਦੋਵੇਂ ਧੜੇ ਵਿਚਾਰਧਾਰਕ ਰੱਸਾਕਸ਼ੀ ਕਰ ਰਹੇ ਹਨ। ਇਨ੍ਹਾਂ ਵਿਚੋਂ ਇਕ ਧੜਾ ਸੈਕਸ ਯਾਨੀ ਕਾਮ ਸਬੰਧੀ ਸਰਗਰਮੀਆਂ ਪ੍ਰਤੀ ਖੁੱਲ਼ਦਿਲੀ ਨਾਲ਼ ਪੇਸ਼ ਆਉਣ ਦਾ ਹਮਾਇਤੀ ਹੈ ਜਦੋਂ ਕਿ ਦੂਜੀ ਧਿਰ ਇਨ੍ਹਾਂ ਸਰਗਰਮੀਆਂ ਬਾਰੇ ਗੱਲ ਕਰਨ ਖ਼ਾਤਰ ਮੂੰਹ ਖੋਲ੍ਹਣ ਲਈ ਵੀ ਤਿਆਰ ਨਹੀਂ ਹੈ। ਇਸ ਦੇ ਬਾਵਜੂਦ ਇਸ਼ਕ-ਮੁਹੱਬਤ ਨੂੰ ਵਪਾਰ ਬਣਾਉਣ ਲਈ ਕੁੱਝ ਲੋਕ, ‘ਜਿਨਸੀ ਤੰਦਰੁਸਤੀ’ ਦੇ ਉਹਲੇ ਮੈਦਾਨ ਵਿਚ ਨਿੱਤਰ ਚੁੱਕੇ ਹਨ। ਅਜਿਹੇ ਲੋਕਾਂ ਵਿਚ ਹੀ ਬਾਲਾਜੀ ਟੀ ਵਿਜਯਨ ਅਤੇ ਉਸ ਦੀ ਸਾਥਣ ਉਤੇ ਵੀਮਰ ਸ਼ਾਮਲ ਹਨ। ਇਨ੍ਹਾਂ ਦੋਹਾਂ ਸਰੀਰਾਂ ਨੇ ਲੋਕਾਂ ਦੇ ਸਰੀਰਾਂ ਨੂੰ ਇਸ਼ਕ, ਪਿਆਰ-ਮੁਹੱਬਤ ਕਰਨ ਜੋਗੇ ਕਰਨ ਲਈ ‘ਈ-ਕਾਮਰਸ’ ਯਾਨੀ ਇਲੈਕਟਰਾਨਿਕੀ ਕਾਰੋਬਾਰ ਦਾ ਸਹਾਰਾ ਲਿਆ ਹੈ। ਇਹ ਦੋਵੇਂ ਜਣੇ ਤੇ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਲੋਕ, ਲੋਕਾਂ ਦਾ ‘ਆਸ਼ਕਾਨਾ ਇਲਾਜ’ ਹੀ ਨਹੀਂ ਕਰਦੇ, ਸਗੋਂ ਉਹ ਉਨ੍ਹਾਂ ਨੂੰ ‘ਸੈਕਸਪੀਰੇਸ਼ਨ’ ਯਾਨੀ ‘ਕਾਮੁਤਸ਼ਾਹ’ ਵੀ ਦਿੰਦੇ ਹਨ।
ਬਾਲਾਜੀ ਨੂੰ ਇਸ ਕੰਮ ਦਾ ਫ਼ੁਰਨਾ, ਐਮਸਟਰਡਮ ਵਿਚ ਆਪਣੇ ਸਾਥੀ ਵਪਾਰੀਆਂ ਨਾਲ਼ ਇਕ ‘ਸੈਕਸ ਸ਼ਾਪ’ ਦਾ ਗੇੜਾ ਮਾਰਨ ਦੌਰਾਨ ਫ਼ੁਰਿਆ ਤੇ ਉਸ ਨੇ ਭਾਰਤ ਵਿਚ ਇਹ ਕਾਰੋਬਾਰ ਚਲਾਉਣ ਦੀਆਂ ਸੰਭਾਵਨਾਵਾਂ ਤਲਾਸ਼ਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਕਿ ਜਰਮਨੀ ਤੋਂ ਆਈ ਹੋਈ, 24 ਸਾਲਾਂ ਦੀ ਮੁਟਿਆਰ ਉਤੇ ਵੀਮਰ ਨੇ ਬੰਗਲੌਰ ਵਿਚ ਦੇਖਿਆ ਕਿ ਉੱਥੇ ਨਵੇਂ ਜ਼ਮਾਨੇ ਦੀਆਂ ਬੰਗਲੌਰਨਾਂ ‘ਇਸ਼ਕਪੇਚਿਆਂ’ ਬਾਰੇ ਬਹੁਤ ਖੁੱਲ੍ਹ ਕੇ ਗੱਲਾਂ ਕਰਦੀਆਂ ਹਨ। ਇਹ ਔਰਤਾਂ ਜਿਨਸੀ ਖਿਡਾਉਣੇ ਵੀ ਕਿਸੇ ਆਉਂਦੇ-ਜਾਂਦੇ ਰਾਹੀਂ ਵਿਦੇਸ਼ ਤੋਂ ਮੰਗਵਾਉਣ ਦਾ ਜੁਗਾੜ ਕਰ ਲਿਆ ਕਰਦੀਆਂ ਸਨ। ਇਸ ਦੇ ਨਾਲ਼ ਹੀ ਉਤੇ ਵੀਮਰ ਨੇ ਦੇਖਿਆ ਕਿ ਇਨ੍ਹਾਂ ਬੀਬੀਆਂ ਨੂੰ ਕਾਫੀ ਕੁੱਝ ਹੋਰ ਦੇਣ ਦੀ ਲੋੜ ਤੇ ਗੁੰਜਾਇਸ਼ ਵੀ ਹੈ।2014 ਵਿਚ ਬਾਲਾਜੀ ਅਤੇ ਉਤੇ ਵੀਮਰ ਦੀ ਆਪਸੀ ਮੁਲਾਕਾਤ ਹੀ ਨਹੀਂ ਹੋਈ, ਉਨ੍ਹਾਂ ਦੇ ਨਵੇਂ ਕਾਰੋਬਾਰ ਦਾ ਆਗ਼ਾਜ਼ ਵੀ ਹੋ ਗਿਆ।ਇਸ ਕਾਰੋਬਾਰ ਦੇ ਸਬੰਧ ਵਿਚ ਉਤੇ ਦਾ ਇਹ ਕਹਿਣ ਹੈ, “ਇਸ ਕੰਮ ਵਿਚ, ਅਸੀਂ ਜਿਹੜਾ ਮਾਲ ਤੇ ਜਾਣਕਾਰੀ ਅਸੀਂ ਦਿੰਦੇ ਹਾਂ, ਉਹ ਭਾਰਤ ਵਿਚ ਮੂਲ਼ੋਂ ਹੀ ਨਵੀਂ ਹੈ। ਅਸੀਂ ਪਹਿਲੀ ਵਾਰੀ ਇਹ ‘ਤੰਦਰੁਸਤੀ’ ਲੈਣ ਲਈ ਔਰਤਾਂ ਨੂੰ ਵੀ ਪ੍ਰੇਰਿਆ ਹੈ। ਇਸ ਜਾਣਕਾਰੀ ਦਾ ਇਲਮ ਜੋੜਾ ਹਾਸਲ ਕਰੇ ਤਾਂ ਕਮਾਲ ਹੀ ਹੋ ਜਾਂਦਾ ਹੈ।ਸਾਡੇ ਵੱਲੋਂ ਦਿੱਤੀ ਜਾਂਦੀ ਜਾਣਕਾਰੀ, ਸਾਡੇ ਗਾਹਕਾਂ ਦੀਆਂ ਸੁੱਤੀਆਂ ਕਲਾਂ ਹੀ ਨਹੀਂ ਜਗਾਉਂਦੀ, ਸਗੋਂ ਉਨ੍ਹਾਂ ਦਾ ਆਪਣੇ ਜਿਸਮਾਂ ਅਤੇ ਜਿਸਮਾਨੀ ਸਬੰਧਾਂ ਵਿਚ ਵੀ ਨਵਾਂ ਭਰੋਸਾ ਜਾਗ ਉੱਠਦਾ ਹੈ।” 
ਲਓ ਜੀ ‘ਇਸ਼ਕ ਦੇ ਰੋਗ’ ਹੋਣ ਬਾਰੇ ਤਾਂ ਸੁਣਿਆ ਸੀ, ਪਰ ਇਸ ਦੇ ਇਲਾਜ ਲਈ ਹਸਪਤਾਲ ਵੀ ਖੁੱਲ੍ਹ ਜਾਣਗੇ, ਇਹ ਹੁਣ ਸੁਣ ਲਿਆ।
****
ਇਸ ਸਾਲ 22 ਜਨਵਰੀ ਨੂੰ ਪੱਛਮੀ ਮੁੰਬਈ ਵਿਚ ਪੈਂਦਾ ‘ਮੁੰਬਈ ਸੈਂਟਰਲ’ ਸਟੇਸ਼ਨ, ਭਾਰਤ ਦਾ ਪਹਿਲਾ ਇਹੋ ਜਿਹਾ ਰੇਲਵੇ ਸਟੇਸ਼ਨ ਬਣ ਗਿਆ ਹੈ, ਜਿਸ ਵਿਚ ਗੂਗਲ ਵੱਲੋਂ ਤੇਜ਼ ਰਫ਼ਤਾਰ ਵਾਈ ਫਾਈ ਇੰਟਰਨੈੱਟ ਮੁਫ਼ਤ ਕੁਨੈਕਸ਼ਨ ਮੁਫ਼ਤ ਮਿਲਣ ਲੱਗ ਪਿਆ ਹੈ। ਇਸ ਸਟੇਸ਼ਨ ਤੋਂ ਹਰ ਰੋਜ਼ ਸਫ਼ਰ ਕਰਨ ਵਾਲ਼ੇ ਇਕ ਲੱਖ ਲੋਕ ਇਸ ਮੁਫ਼ਤ ਸਹੂਲਤ ਦਾ ਫ਼ਾਇਦਾ ਉਠਾ ਸਕਣਗੇ।
****
ਪਿਛਲੇ ਦਿਨੀਂ ਅਸੀਂ ਭਾਰਤ ਵਾਸੀਆਂ ਨੇ ਭਾਰਤ ਮਾਤਾ ਦੇ ਜੂੜੇ ਵਿਚ ਇਕ ਹੋਰ ਗੁਲਾਬ ਟੁੰਗ ਦਿੱਤਾ ਹੈ। ਇਹ ਗੱਲ ਇਸੇ ਮਹੀਨੇ (ਫਰਵਰੀ) ਦੀ 3 ਤਾਰੀਖ਼ ਦੀ ਹੈ। ਦੇਸ਼ ਦੇ ‘ਇਲੈਕਟਰਾਨਿਕ ਧੁਰੇ’ ਯਾਨੀ ਬੰਗਲੌਰ ਸ਼ਹਿਰ ਵਿਚ ਅਸੀਂ ਨਸਲਵਾਦ ਦਾ ਹੀ ਨਹੀਂ, ਬੁਰਛਾਗ਼ਰਦੀ ਦਾ ਵੀ ਉਹ ਮੁਜ਼ਾਹਰਾ ਕੀਤਾ ਕਿ ਸ਼ਰਮ-ਹਯਾ ਨਾਂ ਦੀ ਤਿਤਲੀ ਨੂੰ ਕਿਤੇ ਲੁਕਣ ਨੂੰ ਥਾਂ ਨਾ ਮਿਲੀ।
ਇਸ ਘਟਨਾ ਵਿਚ ਨੰਗੀ ਕਰ ਕੇ ਭਜਾਈ ਗਈ, 21 ਸਾਲਾ ਤਨਜ਼ਾਨੀਅਨ ਮੁਟਿਆਰ ਨੇ ਭਾਰਤੀ ਪੁਲੀਸ ਨੂੰ ਦੱਸਿਆ ਕਿ ਲੋਕਾਂ ਦੇ ਹਜੂਮ ਨੇ ਉਸ ਨੂੰ, ਉਸ ਦੀ ਕਾਰ ਵਿਚੋਂ ਬਾਹਰ ਹੀ ਨਹੀਂ ਧੂੁਹ ਲਿਆ, ਸਗੋਂ ਉਸ ਦੀਆਂ ਅੱਖਾਂ ਦੇ ਸੌਹੇਂ ਉਸ ਦੀ ਕਾਰ ਨੂੰ ਵੀ ਅੱਗ ਲਾ ਕੇ ਲਟ-ਲਟ ਬਾਲ਼ ਸੁੱਟਿਆ।ਉਸ ਤੋਂ ਮਗਰੋਂ ਲੋਕਾਂ ਨੇ ਉਸ ਉਹ ਕੁੱਟਿਆ ਕਿ ਰਹੇ ਰੱਬ ਦਾ ਨਾਂ। ਉਸ ਦੇ ਜਿਸਮ ਨਾਲ਼ ਖੇਡਿਆ ਗਿਆ, ਉਸ ਦੇ ਕੱਪੜੇ ਪਾੜ-ਪਾੜ ਲਾਹੇ ਗਏ ਤੇ ਉਸ ਦੇ ਨੰਗੇ-ਪਿੰਡੇ ਜਲੂਸ ਕੱਢਿਆ ਗਿਆ।
ਇਕ ਪੁਲੀਸ ਕਾਂਸਟੇਬਲ ਮੌਕੇ ’ਤੇ ਹਾਜ਼ਰ ਸੀ, ਪਰ ਉਸ ਦਾ ਹੌਸਲਾ ਨਾ ਪਿਆ ਕਿ ਉਹ, ਉਸ ਕੁੜੀ ਨੂੰ ਲੋਕਾਂ ਤੋਂ ਛੁਡਾਵੇ। ਘਟਨਾ ਵਾਲ਼ੇ ਦਿਨ, ਬਿਜ਼ਨੈੱਸ ਮੈਨੇਜਮੈਂਟ ਦੀ ਇਹ ਵਿਦਿਆਰਥਣ, ਗਣਪਤੀ ਨਗਰ ਦੇ ਨੇੜਿਓਂ ਆਪਣੀ ਕਾਰ ਵਿਚ ਸਵਾਰ ਹੋ ਕੇ ਉਦੋਂ ਲੰਘ ਰਹੀ ਸੀ, ਜਦੋਂ ਇਸ ਤੋਂ ਅੱਧਾ ਕੁ ਘੰਟਾ ਪਹਿਲਾਂ ਇਕ ਸ਼ਰਾਬੀ ਸੁਡਾਨੀ ਡਰਾਈਵਰ ਨੇ ਆਪਣੀ ਗੱਡੀ, ਇਕ ਔਰਤ ਵਿਚ ਮਾਰੀ ਤੇ ਉਸ ਨੂੰ ਥਾਏਂ ਮਾਰ ਸੁੱਟਿਆ ਸੀ।ਇਸ ਗੱਲੋਂ ਭੜਕੇ ਹੋਏ ਲੋਕਾਂ ਨੇ ਉਸ ਡਰਾਈਵਰ ਨੂੰ ਫੜ ਕੇ ਕੁੱਟਿਆ ਤੇ ਉਸ ਦੀ ਕਾਰ ਨੂੰ ਅੱਗ ਲਾ ਦਿੱਤੀ। ਇੰਨੇ ਵਿਚ ਉਹ ਡਰਾਈਵਰ ਫਰਾਰ ਹੋ ਗਿਆ। ਇੰਨੇ ਵਿਚ ਇਹ ਤਨਜ਼ਾਨੀਅਨ ਕੁੜੀ ਆਪਣੀਆਂ ਸਹੇਲੀਆਂ ਨਾਲ਼ ਆਪਣੀ ਕਾਰ ਵਿਚ ਉੱਥੇ ਪਹੁੰਚ ਗਈ। ਮੌਕੇ ’ਤੇ ਮੌਜੂਦ ਲੋਕਾਂ ਦੇ ਕਹਿਣ ਮੁਤਾਬਕ, ਜਦੋਂ ਭੀੜ ਨੇ ਅਫ਼ਰੀਕੀ ਵਿਦਿਆਰਥੀਆਂ ਨਾਲ਼ ਭਰੀ ਇਹ ਕਾਰ ਦੇਖੀ ਤਾਂ ਉਹ ਉਸ ਕਾਰ ਨੂੰ ਵੀ ਟੁੱਟ ਕੇ ਪੈ ਗਏ।
ਇਸ ਕੁੜੀ ਨੇ ਦੌੜ ਕੇ ਇਕ ਬੱਸ ਵਿਚ ਚੜ੍ਹਨ ਦਾ ਹੀਲਾ ਕੀਤਾ, ਪਰ ਬੱਸ ਮੁਸਾਫ਼ਰਾਂ ਨੇ ਉਸ ਨੂੰ ਬਾਹਰ ਧੱਕ ਦਿੱਤਾ। ਉਸ ਨੇ ਇਕ ਆਟੋ ਰਿਕਸ਼ਾ ਵਿਚ ਬੈਠਣ ਦਾ ਯਤਨ ਕੀਤਾ, ਪਰ ਉਸ ਨੂੰ ਚੜ੍ਹਨ ਨਹੀਂ ਦਿੱਤਾ ਗਿਆ। ਉਹ ਅਲਫ਼ ਨੰਗੀ ਦੌੜੀ ਜਾ ਰਹੀ ਸੀ। ਅਸੀਂ ਬਹੁਸਭਿਆਚਾਰੀ ਮੁਲਕ ਦੇ ਲੋਕ, ਜੋ ਦੂਜੇ ਸਭਿਆਚਾਰਾਂ ਤੇ ਬੇਗਾਨੀਆਂ ਧੀਆਂ-ਭੈਣਾਂ ਦਾ ਮਾਣ ਕਰਨ ਲਈ ਮਸ਼ਹੂਰ ਸਾਂ, ਕਿਹੋ ਜਿਹਾ ਬਦਨਾਮੀਆਂ ਖੱਟਣ ਦਾ ਸਭਿਆਚਾਰ ਸਹੇੜੀ ਜਾ ਰਹੇ ਹਾਂ!
****
ਕਿਸੇ ਜ਼ਮਾਨੇ ਵਿਚ ਕਿਸੇ ਨੇ ਕਿਸੇ ਇਨਸਾਫ਼ ਪਸੰਦ ਰਾਜੇ ਦੀ ਬਾਤ ਪਾਉਂਦਿਆਂ ਕਹਿਣਾ, “ਉਸ ਦੇ ਰਾਜ ਵਿਚ ਸ਼ੇਰ ਤੇ ਬੱਕਰੀ ਇਕੱਠੇ ਇਕ ਘਾਟ ਤੋਂ ਪਾਣੀ ਪੀਂਦੇ ਹੁੰਦੇ ਸਨ!” ਇਹ ਇਕੋ ਹੀ ਗੱਲ, ਉਸ ਬਾਦਸ਼ਾਹ ਨੂੰ ਸਰੋਤਿਆਂ ਦੀਆਂ ਅੱਖਾਂ ਅੱਗੇ ਸਾਕਾਰ ਕਰ ਦਿੰਦੀ ਹੁੰਦੀ ਸੀ।
ਹੁਣ ਕਿਸੇ ਨੇ ਰੂਸ ਦੀ ਸਿਫ਼ਤ ਕਰਦਿਆਂ ਦੱਸਿਆ ਹੈ ਕਿ ਇਕ ਰੂਸੀ ਚਿੜੀਆ ਘਰ ਵਿਚ ਇਕ ਬੱਕਰੀ, ਇਕ ਸ਼ੇਰ ਨੂੰ ਰਾਤ ਦੇ ਖਾਜੇ ਵਜੋਂ ਪੇਸ਼ ਕੀਤੀ ਗਈ।‘ਅਮੂਰ’ ਨਾਂ ਦੇ ਇਸ ਸ਼ੇਰ ਦੀ, ‘ਤਿਮੂਰ’ ਨਾਂ ਦੀ ਇਸ ਬੱਕਰੀ ਨਾਲ਼ ਦੋਸਤੀ ਹੋ ਗਈ। ਇਸ ਤੋਂ ਪਹਿਲਾਂ ਉਹ ਦੋਵੇਂ ਹੀ ਵੱਖ-ਵੱਖ ਪਿੰਜਰਿਆਂ ਵਿਚ ਰੱਖੇ ਜਾਂਦੇ ਸਨ।ਪ੍ਰਾਈਮਰਸਕੀ ਸਫਾਰੀ ਪਾਰਕ ਵਿਚ ਰੱਖੇ ਹੋਏ ਇਨ੍ਹਾਂ ਜਾਨਵਰਾਂ ਦੀ ਸਾਂਝ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਤੇ ਹੁਣ ਉਹ ਆਪਸ ਵਿਚ ਲੜ ਕੇ ਜੁਦਾ ਹੋ ਗਏ ਹਨ। ਪਿਛਲੇ ਸਾਲ ਨਵੰਬਰ ਵਿਚ ਖਾਧੀ ਜਾਣ ਲਈ ਸ਼ੇਰ ਨੂੰ ਪੇਸ਼ ਕੀਤੀ ਗਈ ਇਹ ਬੱਕਰੀ ਜੀਂਦੀ ਮੁੜ ਆਈ ਸੀ। ਉਸ ਤੋਂ ਬਾਅਦ ਇਕ ਦੂਜੇ ਦੇ ਵਿਰੋਧੀ ਸਮਝੇ ਜਾਂਦੇ ਇਹ ਜਾਨਵਰ ਆਪਸ ਵਿਚ ਖੇਡਦੇ ਨਜ਼ਰ ਆਉਂਦੇ ਰਹੇ। ਚਿੜੀਆ ਘਰ ਦੇ ਕਰਿੰਦੇ ਇਹੋ ਸਮਝਦੇ ਸਨ ਕਿ ਸ਼ੇਰ ਕਿਸੇ ਪਲ ਵੀ ਬੱਕਰੀ ਨੂੰ ਝਪੱਟਾ ਮਾਰੇਗਾ।
ਚਿੜੀਆ ਘਰ ਦੇ ਡਾਇਰੈਕਟਰ ਜਨਰਲ ਦਮਿੱਤਰੀ ਮੇਜ਼ੈਂਤਸੇਵ ਨੇ ਇਕ ਲਿਖਤੀ ਬਿਆਨ ਵਿਚ ਏਦਾਂ ਲਿਖਿਆ ਹੋਇਆ ਹੈ, “ਤਿਮੂਰ ਅੱਜ ਕੱਲ੍ਹ ਜ਼ਿਆਦਾ ਹੀ ਚ੍ਹਾਮਲ਼ੀ ਹੋਈ ਹੈ। ਕੱਲ੍ਹ ਉਸ ਨੇ ਸਿੰਗ ਮਾਰ ਕੇ ਅਮੂਰ ਨੂੰ ਟਿੱਲੇ ਤੋਂ ਰੇੜ੍ਹ ਦਿੱਤਾ, ਟੱਕਰਾਂ ਮਾਰੀਆਂ ਅਤੇ ਪਛੰਡੇ ਵੀ ਮਾਰੇ। ਫਿਰ ਸ਼ੇਰ ਨੇ  ਉੱਠ ਕੇ ਬੱਕਰੀ ਦੀ ਧੌਣ ਨੂੰ ਏਦਾਂ ਮੂੰਹ ਪਾ ਕੇ ਚੁੱਕ ਲਿਆ, ਜਿੱਦਾਂ ਉਹ ਆਪਣੇ ਬੱਚੇ ਚੁੱਕਦਾ ਹੁੰਦਾ ਹੈ। ਉਸ ਨੇ ਬੱਕਰੀ ਨੂੰ ਹਵਾ ਵਿਚ ਭੁਆ ਕੇ ਔਹ ਦੂਰ ਸੁੱਟ ਦਿੱਤਾ।” ਇਸ ਅਧਿਕਾਰੀ ਨੇ ਸ਼ੇਰ ਦੀ ਇਸ ਕਰਤੂਤ ਨੂੰ ਹਮਲਾ ਨਹੀਂ ਕਰਾਰ ਦਿੱਤਾ। ਫੇਰ ਕਰਿੰਦਿਆਂ ਨੇ ਸ਼ੇਰ ਅੱਗੇ ਇਕ ਜੀਂਦਾ ਸਹਿਆ ਪਾਇਆ, ਜੋ ਉਸ ਨੇ ਮਾਰ ਕੇ ਖਾ ਲਿਆ।
ਲੱਗਦੈ ਜਾਨਵਰ ਵੀ ਹੁਣ ਇੰਨੇ ਜਾਨਵਰ ਨਹੀਂ ਰਹੇ।#

ਬਖ਼ਸ਼ਿੰਦਰੀਆਂ-3

ਮਾਂ ਨੀ ਮਾਂ ਮੈਂ ਉੱਡਣਾ ਚਾਹਵਾਂ
ਕੋਈ ਵੀ ਬੱਚਾ ਆਪਣੀ ਮਾਂ ਨੂੰ ਇਹ ਗੱਲ ਕਹੇ ਤਾਂ ਇਹ ਕੋਈ ਜੱਗੋਂ-ਜਹਾਨੋਂ ਤੇਰ੍ਹਵੀਂ ਗੱਲ ਨਹੀਂ ਹੋਵੇਗੀ, ਪਰ ਜੇ ਕੋਈ ਬੱਚਾ, ਬੱਚਾ ਵੀ ਨਹੀਂ ਸਗੋਂ ਬੱਚੀ ਤੇ ਬੱਚੀ ਵੀ ਉਹ, ਜਿਸ ਦੀਆਂ ਬਾਹਾਂ ਵੀ ਨਾ ਹੋਣ,ਇਹ ਗੱਲ ਆਪਣੀ ਮਾਂ ਨੂੰ ਕਹੇ ਤਾਂ ਮਾਂ ਦੀਆਂ ਉਂਗਲਾਂ ਬਦੋ-ਬਦੀ ਉਸ ਦੇ ਮੂੰਹ ਨੂੰ ਜਾਣੀਆਂ ਸੁਭਾਵਕ ਹੀ ਹੋਣਗੀਆਂ। ਜੀ ਹਾਂ, ਅਮਰੀਕਾ ਦੇ ਐਰੀਜ਼ੋਨਾ ਰਾਜ ਵਿਚ ਜੈਸਿਕਾ ਕੌਕਸ ਨਾਂ ਦੀ ਇਹੋ ਜਿਹੀ ਬੱਚੀ ਨੇ 1983 ਵਿਚ ਜਨਮ ਲਿਆ ਸੀ। ਉਸ ਦੀਆਂ ਬਾਹਾਂ, ਉਸ ਦੇ ਜੰਮਣ ਵੇਲ਼ੇ ਹੀ ਨਹੀਂ ਸਨ। ਗੱਲ ਬਹੁਤੀ ਲਮਕਾਉਣ ਤੋਂ ਬਗ਼ੈਰ ਹੀ ਦੱਸ ਦੇਈਏ ਕਿ ਜੈਸਿਕਾ, ਜਹਾਨ ਦੀ ਪਹਿਲੀ ਕੁੜੀ ਹੈ, ਜਿਸ ਕੋਲ ਬਾਹਾਂ ਤਾਂ ਨਹੀਂ ਹਨ, ਜਹਾਜ਼ ਉਡਾਉਣ ਦਾ ਲਾਇਸੈਂਸ ਹੈ। ਉਹ ਜਹਾਜ਼ ਉਡਾਉਣ ਸਮੇਤ ਆਪਣੇ ਸਾਰੇ ਕੰਮ, ਪੈਰਾਂ ਨਾਲ਼ ਕਰਦੀ ਹੈ। 
ਹੋਰ ਤਾਂ ਹੋਰ, ਉਸ ਨੇ ਤਾਈਕੌਂਡੋ ਵਿਚ ਬਲੈਕ ਬੈਲਟ ਵੀ ਹਾਸਲ ਕੀਤੀ ਹੋਈ ਹੈ। ਉਸ ਨੇ ਮਨੋਵਿਗਿਆਨ ਵਿਸ਼ੇ ਵਿਚ ਗ੍ਰੈਜੂਏਸ਼ਨ ਵੀ ਕੀਤੀ ਹੋਈ ਹੈ। 14 ਸਾਲ ਦੀ ਉਮਰ ਤਕ ਉਹ ਨਕਲੀ ਬਾਹਾਂ ਦੀ ਵਰਤੋਂ ਕਰਦੀ ਰਹੀ ਹੈ, ਪਰ ਉਸ ਤੋਂ ਬਾਅਦ ਉਹ ਸਾਰੇ ਕੰਮ, ਆਪਣੇ ਪੈਰਾਂ ਅਤੇ ਲੱਤਾਂ ਨਾਲ਼ ਕਰਦੀ ਆ ਰਹੀ ਹੈ। ਉਹ ਕਾਰ ਚਲਾ ਲੈਂਦੀ ਹੈ, ਇਕ ਮਿੰਟ ਵਿਚ 25 ਸ਼ਬਦ ਟਾਈਪ ਕਰ ਲੈਂਦੀ ਹੈ। 
ਉਹ ਆਪਣੀਆਂ ਅੱਖਾਂ ਵਿਚ ਕਾਨਟੈਕਟ ਲੈਨਜ਼ ਲਾ/ ਲਾਹ ਲੈਂਦੀ ਹੈ। ਉਹ ਪ੍ਰਮਾਣਤ ਸਕੂਬਾ ਡਾਈਵਰ ਵੀ ਹੈ। ਪਿਛਲੇ ਸਾਲ (2015) ਉਸ ਨੇ ਆਪਣੇ ਜੀਵਨ ਦੇ ਆਧਾਰ ਉੱਤੇ ‘ਡਿਸਆਰਮ ਯੂਅਰ ਲਿੱਮਿਟਸ’ ਨਾਂ ਦੀ ਕਿਤਾਬ ਵੀ ਲਿਖੀ ਹੈ। ਜੈਸਿਕਾ ਕੌਕ ਦੀ ਹਿੰਮਤ ਨੂੰ ਸਲਾਮ!
*****
ਪਿਛਲੇ ਦਿਨੀਂ ਮੁੰਬਈ ਹਵਾਈ ਅੱਡੇ ਉੱਤੇ ਸਾਬਤ ਅਧਿਕਾਰੀ ਵੱਲੋਂ ਇਕ ਅਪਾਹਜ ਕੁੜੀ ਨੂੰ ਤਲਾਸ਼ੀ ਦੇਣ ਲਈ ਨੰਗੀ ਹੋਣ ਲਈ ਮਜਬੂਰ ਕੀਤਾ ਗਿਆ। 24 ਸਾਲਾਂ ਦੀ ਉਮਰ ਦੀ ਕੁੜੀ ਅੰਤਰਾ ਤੇਲੰਗ ਦੀ ਇਕ ਲੱਤ ਨਕਲੀ ਹੈ। ਉਸ ਨੇ ਇਹ ਆਪਬੀਤੀ ਟਵਿੱਟਰ ਰਾਹੀਂ ਨਸ਼ਰ ਕੀਤੀ ਹੈ। ਹਵਾਈ ਅੱਡੇ ਉੱਤੇ ਇਕ ਇਸਤਰੀ ਅਧਿਕਾਰੀ ਨੇ ਅੰਤਰਾ ਨੂੰ ਆਪਣੀ ਜੀਨਜ਼ ਲਾਹ ਕੇ ਆਪਣੀ ਨਕਲੀ ਲੱਤ ਦਿਖਾਉਣ ਦਾ ਹੁਕਮ ਦਿੱਤਾ। ਉਸ ਨੂੰ ਆਪਣੀ ਨਕਲੀ ਲੱਤ ਲਾਹ ਕੇ ਸਕੈਨ ਕਰਾਉਣੀ ਪਈ। ਇਸ ਅਮਲ ਦੌਰਾਨ ਉਸ ਦੇ ਅਥਰੂ ਨਿੱਕਲ ਗਏ।
ਬੰਬ ਤਲਾਸ਼ਣ ਵਾਲ਼ੀ ਮਸ਼ੀਨ (ਈ. ਟੀ. ਡੀ.) ਨੇ ਸੰਕੇਤ ਦਿੱਤਾ ਸੀ ਕਿ ਅੰਤਰਾ ਦੀ ਨਕਲੀ ਲੱਤ ਵਿਚ ‘ਕੁੱਝ’ ਹੈ। ਕੀ ਸਮੇਂ-ਸਮੇਂ, ਹਵਾਈ ਅੱਡਿਆਂ ਉੱਤੇ ਲਗਾਏ ਹੋਏ ਯੰਤਰਾਂ ਦੀ ਪੜਤਾਲ ਕਰ ਕੇ ਉਨ੍ਹਾਂ ਦੀ ਕਾਰਗ਼ੁਜ਼ਾਰੀ ਯਕੀਨੀ ਬਣਾਉਣ ਦੀ ਲੋੜ ਨਹੀਂ? ਕੀ ਅਧਿਕਾਰੀਆਂ ਨੂੰ ਮੁਸਾਫ਼ਰਾਂ ਦੀ ਜਿਸਮਾਨੀ ਭਾਸ਼ਾ ਪੜ੍ਹਨੀ ਵੀ ਸਿਖਾਈ ਜਾਣੀ ਚਾਹੀਦੀ ਹੈ?
  *****
ਕੈਨੇਡਾ ਵਿਚ ਔਰਤਾਂ ਨੂੰ ਔਰਤਾਂ ਨਾਲ਼ ਤੇ ਮਰਦਾਂ ਨੂੰ ਮਰਦਾਂ ਨਾਲ਼ ਵਿਆਹ ਕਰਾਉਣ ਦੀ ਕਾਨੂੰਨੀ ਖੁੱਲ੍ਹ ਦਿੱਤੀ ਹੋਣ ਨੂੰ ਦਸ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਦੇ ਬਾਵਜੂਦ ਕੈਨੇਡਾ ਦੇ ਸਮਲਿੰਗੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਉੱਤੇ ਵਿਆਹ ਕਰਾਉਣ ਦੇ ਸਬੰਧ ਵਿਚ ਵਧੇਰੇ ਦਬਾਅ ਹੈ। ਇਹ ਹਕੀਕਤ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸਮਾਜ ਸ਼ਾਸਤਰ ਵਿਗਿਆਨ ਵਿਭਾਗ ਵੱਲੋਂ ਹਾਲ ਹੀ ਵਿਚ ਕਰਾਏ ਗਏ ਇਕ ਸਰਵੇਖਣ ਤੋਂ ਸਾਹਮਣੇ ਆਈ ਹੈ।

ਇਸ ਸਰਵੇਖਣ ਦੀ ਰਿਪੋਰਟ ਲਿਖਣ ਵਿਚ ਮਦਦ ਕਰਨ ਵਾਲ਼ੀ ਕੈਥਰੀਨ ਲਯੋਨ ਨੇ ਦੱਸਿਆ ਕਿ ਇਸ ਸਰਵੇਖਣ ਖ਼ਾਤਰ ਸਮਲਿੰਗੀਆਂ ਨਾਲ਼ ਗੱਲਬਾਤ ਕਰਨ ਦੌਰਾਨ 22 ਸਮਲਿੰਗੀ ਜੋੜਿਆਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤਦਾਰ, ਉਨ੍ਹਾਂ ਦੇ ਜੋੜੀਦਾਰ/ ਜੋੜੀਦਾਰਨੀ ਨਾਲ਼ ਉਨ੍ਹਾਂ ਦੇ ਸਬੰਧਾਂ ਨੂੰ ਵਿਆਹ ਜਿੰਨੀ ਮਾਨਤਾ ਦੇਣ ਲਈ ਤਿਆਰ ਨਹੀਨ ਹਨ ਤੇ ਉਹ ਚਾਹੁੰਦੇ ਹਨ ਕਿ ਜੇ ਉਹ ਆਪਣੇ ਪਰਿਵਾਰਾਂ ਤੋਂ ਬਣਦੀ ਮਾਨਤਾ ਲੈਣੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵਿਆਹ ਕਰਾਉਣਾ ਹੀ ਪਵੇਗਾ।  
                                     *****
ਆਪਣੇ ਮੁਲਕ ਵਿਚ ਰਾਜਸਥਾਨ ਦੇ ਸ਼ਹਿਰ ਜੈਪੁਰ ਵਿਚ ਪਿਛਲੇ ਕੁੱਝ ਸਾਲਾਂ ਤੋਂ ਹਰ ਸਾਲ ਲੱਗਦਾ ‘ਜੈਪੁਰ ਸਾਹਿਤਕ ਮੇਲਾ’ ਐਤਕੀਂ ਕਾਫੀ ਰੌਲ਼ੇ-ਗੌਲ਼ੇ ਦਾ ਸ਼ਿ ਕਾਰ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਪੱਤਰਕਾਰ ਦੀਪ ਜਗਦੀਪ ਸਿੰਘ ਨੇ ਇਹ ਮੇਲਾ ਦੇਖ ਕੇ ਜੋ ਰਿਪੋਰਟ ਲਿਖੀ ਹੈ, ਉਹ ਵਿਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਇਸ ਸਾਹਿਤਕ ਕਹਾਉਂਦੇ ਮੇਲੇ ਉੱਤੇ ਨਾ ਸਿਰਫ਼ ਵਪਾਰਕ ਅਦਾਰਿਆਂ ਦਾ ਕਬਜ਼ਾ ਹੋ ਗਿਆ ਹੈ, ਸਗੋਂ ਇਸ ਉੱਤੇ ਕ੍ਰਿਕਟ ਸਿਆਸਤ ਵੀ ਭਾਰੂ ਹੋ ਗਈ ਹੈ। ਦੀਪ ਨੇ ਲਿਖਿਆ ਹੈ ਕਿ ਇਸ ਮੇਲੇ ਵਿਚ ਸਾਹਿੱਤ ਦੇ ਪ੍ਰਚਾਰ-ਪਸਾਰ ਦੀ ਥਾਂ, ਵਪਾਰਕ ਕੰਪਨੀਆਂ ਆਪਣ ਮਾਲ ਦਾ ਪ੍ਰਚਾਰ ਵਧੇਰੇ ਕਰਦੀਆਂ ਹਨ। 
ਓਦਾਂ, ਦੀਪ ਨੇ ਸੋਸ਼ਲ ਮੀਡੀਆ ਉੱਤੇ ਇਹ ਰਿਪੋਰਟ ਨਸ਼ਰ ਕਰਨ ਵੇਲ਼ੇ ਆਪਣੇ ਪ੍ਰਕਾਸ਼ਨ ਅਦਾਰੇ ਦਾ ਪ੍ਰਚਾਰ ਕਰ ਦਾ ਮੋਹ ਵੀ ਨਹੀਂ ਤਿਆਗਿਆ। ਸ਼ਾਇਦ ਉਸ ਨੂੰ ਇਸ ਸਤਰ ਤੋਂ, ਉਸ ਵੱਲੋਂ ਉਠਾਏ ਗਏ ਇਤਰਾਜ਼ਾਂ ਦਾ ਜੁਆਬ ਮਿਲ ਜਾਵੇ।
ਇਸ ਮੇਲੇ ਦੇ ਸਬੰਧ ਵਿਚ ਉਪੇਂਦਰ ਨਾਥ ‘ਅਸ਼ਕ’ ਦੇ ਸਾਹਿਬਜ਼ਾਦੇ ਅਤੇ ਅਸ਼ਕ ਸਾਹਿਬ ਦੀਆਂ ਕਿਤਾਬਾਂ ਛਾਪਣ ਦੇ ਉਦੇਸ਼ ਨਾਲ਼ ਸਥਾਪਤ ਕੀਤੇ ਹੋਏ ‘ਨੀਲਾਭ ਪ੍ਰਕਾਸ਼ਨ’ ਦੇ ਮਾਲਕ ਨੀਲਾਭ ਅਸ਼ਕ ਨੇ ਵੀ ਇਸ ਮੇਲੇ ਬਾਰੇ ਕੁੱਝ ਨੁਕਤਾਚੀਨੀ ਕੀਤੀ ਹੈ।ਉਨ੍ਹਾਂ ਨੇ ‘ਜੈਪੁਰ ਸਾਹਿਤਯੋਤਸਵ : ਪੈਸੇ ਕਾ ਖੇਲ’ ਸਿਰਲੇਖ ਹੇਠ ਲਿਖੇ ਇਕ ਲੇਖ ਵਿਚ ਏਦਾਂ ਫ਼ਰਮਾਇਆ ਹੈ :
ਯੇਹ ਕਿਆ ਜਗਹੇ ਹੈ ਦੋਸਤੋ, ਯੇਹ ਕੌਨ ਸਾ ਦਯਾਰ ਹੈ।
ਹੱਦਿ-ਨਿਗ਼ਾਹ ਤਕ ਜਹਾਂ ਗ਼ੁਬਾਰ ਹੀ ਗ਼ੁਬਾਰ ਹੈ॥ 
ਸਲਮਾਨ ਰਸ਼ਦੀ ਨਾਲ਼ ਸਬੰਧ ਰੱਖਦੀ ਇਕ ਘਟਨਾ ਦੇ ਸਬੰਧ ਵਿਚ ਇਸ ਮੇਲ਼ੇ ਵਿਚ ਸ਼ਾਮਲ ਲੇਖਕਾਂ ਨੂੰ ਹਦਾਇਤ ਕੀਤੀ ਹੋਈ ਸੀ ਕਿ ਉਹ ਇਸ ਮੇਲੇ ਵਿਚ ਜੋ ਕੁੱਝ ਵੀ ਕਰਨ, ਭਾਰਤੀ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕਰਨ। ਇਸ ਦੀ ਉਲੰਘਣਾ ਕਰਨ ਵਾਲ਼ੇ, ਅੰਗਰੇਜ਼ੀ ਦੇ ਚਾਰ ਲੇਖਕ ਤੁਰੰਤ ਹੀ ‘ਜੈਪੁਰੋਂ ਕੱਢ ਦਿੱਤੇ ਗਏ’। ਸਲਮਾਨ ਰਸ਼ਦੀ ਗ਼ੈਰਹਾਜ਼ਰ ਹੋ ਕੇ ਵੀ ਇਸ ਮੇਲੇ ਵਿਚ ਗ਼ੈਰਹਾਜ਼ਰ ਸੀ।
‘ਅਸ਼ਕ ਜੂਨੀਅਰ’ ਲਿਖਦੇ ਹਨ, “ਇਸ ਮੇਲੇ ਦੇ ਸਬੰਧ ਵਿਚ ਕਈ ਸੁਆਲ ਉੱਠਦੇ ਹਨ। ਪਹਿਲਾ ਸੁਆਲ ਇਹ ਹੈ ਕਿ ਇਹ ਮੇਲਾ ਕੌਣ ਲੁਆ ਰਿਹਾ ਹੈ ਤੇ ਇਸ ਦਾ ਮਕਸਦ ਕੀ ਹੈ। ਪ੍ਰਬੰਧਕਾਂ ਦਾ ਕਹਿਣ ਹੈ ਕਿ ਉਹ, ਇਹ ਮੇਲਾ ਕਲਾ, ਸੰਗੀ ਅਤੇ ਸਾਹਿਤ ਨੂੰ ਉਤਸ਼ਾਹ ਦੇਣ ਲਈ ਲਾ ਰਹੇ ਹਨ। ਹਕੀਕਤ ਇਹ ਹੈ ਕਿ ਸੰਜੀਦਾ ਸਾਹਿਤਕਾਰਾਂ ਨੂੰ ਇਸ ਮੇਲ਼ੇ ਵਿਚ ਨੁੱਕਰੇ ਲਾਈ ਰੱਖਿਆ ਜਾਂਦਾ ਹੈ ਜਦੋਂ ਕਿ ਗ਼ੁਲਜ਼ਾਰ, ਜਾਵੇਦ ਅਖ਼ਤਰ, ਕਪਿਲ ਸਿੱਬਲ, ਅਨੂਪਮ ਖੇਰ, ਸ਼ਸ਼ੀ ਥਰੂਰ, ਸੁਆਮੀ ਅਗਨੀਵੇਸ਼, ਚੇਤਨ ਭਗਤ, ਬਰਖਾ ਦੱਤ, ਕਬੀਰ ਬੇਦੀ, ਓਪਰਾ ਵਿਨਫਰੇ, ਅਸ਼ੋਕ ਚੱਕ੍ਰਧਰ, ਪ੍ਰਸੂਨ ਜੋਸ਼ੀ ਵਰਗੀਆਂ ਹਸਤੀਆਂ ਨੂੰ ਕਾਫੀ ਫੋਕੱਸ ਵਿਚ ਰੱਖਿਆ ਜਾਂਦਾ ਹੈ।”
ਦੇਖੋ ਜੀ, ਜਿੱਥੋਂ ਧੂੰਆਂ ਨਿੱਕਲਦਾ ਹੈ, ਉੱਥੇ ਅੱਗ ਵੀ ਜ਼ਰੂਰ ਹੁੰਦੀ ਹੈ। #

ਬਖ਼ਸ਼ਿੰਦਰੀਆਂ-2                                          ਕੀ ਸਿੱਖੀ ਲਚਕਦਾਰ ਹੋ ਗਈ?

ਗੁਰੂਆਂ ਨੇ ਕਦੇ ਵੀ ਮਨੁੱਖ ਜਾਤੀ ਵਿਚ ਵੰਡੀਆਂ ਨਹੀਂ ਪਾਈਆਂ ਸਨ। ਸਗੋਂ ਖ਼ਾਲਸਾ ਪੰਥ ਸਾਜਣ ਵੇਲ਼ੇ ਸਾਰੀਆਂ ਜਾਤਾਂ-ਪਾਤਾਂ ਦਾ ਫ਼ਰਕ ਮਿਟਾਉਂਦਿਆਂ ਸਭ ਨੂੰ ‘ਸਿੱਖ’ ਜਾਂ ‘ਸਿੰਘ’ ਬਣਾ ਦਿੱਤਾ ਸੀ। ਹੁਣ ਲੱਗਦਾ ਹੈ ਕਿ ਸਿੱਖੀ ਵਿਚ ਫ਼ਿਰ ਜਾਤ ਤੇ ਨਸਲ ਦਾ ਫ਼ਰਕ ਹੋਣ ਲੱਗ ਪਿਆ ਹੈ। ਹਾਲ ਹੀ ਵਿਚ ਇਹ ਗੱਲ ਬਹੁਤ ਹੀ ਉੱਭਰ ਕੇ ਉਸ ਵੇਲ਼ੇ ਸਾਹਮਣੇ ਆਈ ਜਦੋਂ ਕੈਨੇਡਾ ਦੇ ਸੂਬੇ ਓਂਟਾਰੀਓ ਦੀ ਪ੍ਰੀਮੀਅਰ ਯਾਨੀ ਮੁੱਖ ਮੰਤਰੀ ਕੈਥਲੀਨ ਵੀਨੀ, ਪੰਜਾਬ ਵਿਚ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੀ। ਕੈਨੇਡਾ ਦੀ ਇਸ ਸਿਆਸਤਦਾਨ ਨੂੰ ਸਮਲਿੰਗੀ ਸਬੰਧਾਂ ਦੀ ਹਮਾਇਤ ਕਰਨ ਦੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਪਾਓ ਨਾ ਦੇਣ ਦਾ ਫੈਸਲਾ ਕਰ ਲਿਆ।  
ਇੱਥੇ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਸੰਨ 2005 ਵਿਚ ਇਹੋ ਕਮੇਟੀ ਸਮਲਿੰਗੀ ਸਬੰਧਾਂ ਦੇ ਹਮਾਇਤੀ ਹੀ ਨਹੀਂ, ਸਮਲਿੰਗੀ ਸਬੰਧਾਂ ਵਿਚ ਲੀਨ ਇਕ ਸਿੱਖ ਆਗੂ ਨੂੰ ਸਿਰੋਪਾਓ ਦੇ ਚੁੱਕੀ ਹੈ।ਇੱਥੇ ਇਹ ਗੱਲ ਚਿਤਾਰਨੀ ਵੀ ਬਣਦੀ ਹੈ ਕਿ ਜਨਵਰੀ 2005 ਵਿਚ ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਸੀ ਕਿ ਸਮਲਿੰਗੀ ਸਬੰਧ ਸਿੱਖ ਧਰਮ ਦੀ ਮਰਿਆਦਾ ਦੇ ਖ਼ਿਲਾਫ਼ ਹਨ। ਉਨ੍ਹਾਂ ਦੇ ਖ਼ਿਆਲ ਅਨੁਸਾਰ ਇਸ ਤਰ੍ਹਾਂ ਦੇ ਸਬੰਧ ਗ਼ੈਰਕੁਦਰਤੀ ਹਨ। ਇਸ ਦੇ ਬਾਵਜੂਦ, ਉਸੇ ਹੀ ਸਾਲ, ਉਸੇ ਮਹੀਨੇ, ਕੈਨੇਡਾ ਦੇ ਸਦਨ ‘ਹਾਊਸ ਆਫ਼ ਕਾਮਨਜ਼’ ਦੇ ਇਕ ਮੈਂਬਰ, ਜੋ ਸਮਲਿੰਗੀ ਸਬੰਧਾਂ ਦਾ ਹਮਾਇਤੀ ਸੀ, ਨੂੰ ਦਰਬਾਰ ਸਾਹਿਬ ਵਿਚ ਸਿਰਪਾਓ ਦਿੱਤਾ ਗਿਆ ਸੀ। ਜਥੇਦਾਰ ਵੇਦਾਂਤੀ ਵੱਲੋਂ ਇਹ ਸੰਦੇਸ਼ ਦੇਣ ਦੀ ਵਜ੍ਹਾ ਨਾਲ਼ ਹੀ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਪਾਲ ਮਾਰਟਿਨ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਣ ਦਾ ਖ਼ਿਆਲ ਛੱਡ ਦਿੱਤਾ ਸੀ।ਜਦੋਂ ਇਕ ਪੱਤਰਕਾਰ ਨੇ ਜਥੇਦਾਰ ਵੇਦਾਂਤੀ ਨੂੰ ਚੇਤੇ ਕਰਾਇਆ ਕਿ 2005 ਵਿਚ ਅਜਿਹੇ ਸਬੰਧਾਂ ਦੇ ਹਮਾਇਤੀ ਇਕ ਸਿੱਖ ਆਗੂ ਨੂੰ ਸਿਰੋਪਾਓ ਦਿੱਤਾ ਗਿਆ ਸੀ ਤਾਂ ਜਥੇਦਾਰ ਵੇਦਾਂਤੀ ਨੇ ਕਿਹਾ ਕਿ ਉਸ ਵੇਲ਼ੇ ਉਹ ਅਕਾਲ ਤਖ਼ਤ ਦੇ ਜਥੇਦਾਰ ਨਹੀਂ ਸਨ।ਕੁੱਝ ਸਿੱਖ ਵਿਦਵਾਨਾਂ ਦਾ ਕਹਿਣ ਹੈ ਕਿ ਕੈਥਰੀਨ ਵੀਨੀ ਉੱਤੇ ਅਕਾਲ ਤਖ਼ਤ ਦਾ ਹੁਕਮ ਲਾਗੂ ਨਹੀਂ ਹੁੰਦਾ ਕਿਉਂ ਕਿ ਇਹ ਬੀਬੀ ਸਿੱਖ ਨਹੀਂ ਹੈ।ਇਕ ਸੂਚਨਾ ਮੁਤਾਬਕ, ਬਾਅਦ ਵਿਚ ਕੈਥਰੀਨ ਵੀਨੀ ਨੂੰ ਸਿਰੋਪਾਓ ਦੇ ਕੇ ਸ਼੍ਰੋਮਣੀ ਕਮੇਟੀ ਆਪਣੀ ਇਹ ਭੁੱਲ ਸੁਧਾਰ ਲਈ ਹੈ।
     ****
ਜਦੋਂ ਇਹ ਡਰ ਹੋਵੇ ਕਿ ਕਿਸੇ ਸਿਆਸਤਦਾਨ ਨੇ ਅਗਲੇ ਹੀ ਦਿਨ ਆਪਣਾ ਬਿਆਨ ਬਦਲ ਲੈਣਾ ਏ ਤਾਂ ਪੱਤਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪਹਿਲੇ ਦਿਨ ਹੀ ਉਸ ਨੇਤਾ ਦੇ ਉਸ ਖ਼ਾਸ ਬਿਆਨ ਵਾਲ਼ੀ ਖ਼ਬਰ ਵਿਚ ਬ੍ਰੈਕਟਾਂ ਵਿਚ ਇਹ ਲਿਖ ਦਿਆ ਕਰਨ “ਹੋ ਸਕਦਾ ਹੈ ਕਿ ਨੇਤਾ ਜੀ ਭਲਕੇ ਹੀ ਇਹ ਕਹਿ ਦੇਣ ਕਿ ਉਨ੍ਹਾਂ ਦਾ ਬਿਆਨ ਤੋੜ-ਮਰੋੜ ਕੇ ਛਾਪਿਆ ਗਿਆ ਹੈ”।
ਆਮ ਜ਼ਿੰਦਗ਼ੀ ਵਿਚ ‘ਥੁੱਕ ਕੇ ਚੱਟਣਾ’ ਬਹੁਤ ਬੁਰਾ ਸਮਝਿਆ ਜਾਂਦਾ ਹੈ, ਜਦੋਂ ਕਿ ਸਿਆਸਤ ਵਿਚ ‘ਥੁੱਕਿਆ ਚੱਟਣਾ’ ਬਹੁਤ ਹੀ ਸੁਆਦਲੀ ਚੀਜ਼ ਸਮਝਿਆ ਜਾਂਦਾ ਹੈ। ਇਸ ਦੀ ਤਾਜ਼ਾ ਮਿਸਾਲ, ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵਿਚ ਵਿੱਤ ਮੰਤਰੀ ਰਹੇ ਯਸ਼ਵੰਤ ਸਿਨ੍ਹਾ ਹਨ। ਸ਼੍ਰੀ ਸਿਨ੍ਹਾ ਨੇ ਇਹ ਕਿਹਾ ਸੀ ਕਿ ਨਰਿੰਦਰ ਮੋਦੀ ਦਾ ਹਾਲ ਵੀ ਉਹੋ ਜਿਹਾ ਹੀ ਹੋਣਾ ਹੈ, ਜਿਹੋ ਜਿਹਾ ਇੰਦਰਾ ਗਾਂਧੀ ਦਾ ਹੋਇਆ ਸੀ। ਭਾਵੇਂ ਉਨ੍ਹਾਂ ਦੇ ਇਸ ਫ਼ਿਕਰੇ ਦੇ ਬਹੁਤ ਸਾਰੇ ਅਰਥ ਕੱਢਣੇ ਕੋਈ ਔਖੇ ਨਹੀਂ ਹਨ, ਪਰ ਇਹ ਬਿਆਨ ਦੇਣ ਤੋਂ ਅਗਲੇ ਹੀ ਦਿਨ ਸਿਨ੍ਹਾ ਸਾਹਿਬ ਇਸ ਤੋਂ ਮੁੱਕਰ ਗਏ। ਉਨ੍ਹਾਂ ਨੇ ਤਾਂ ਇਸ ਬਿਆਨ ਉੱਤੇ, ਇਹ ਕਹਿ ਕੇ ਗਾਚਣੀ ਫੇਰ ਦਿੱਤੀ ਕਿ ‘ਉਨ੍ਹਾਂ ਦਾ ਬਿਆਨ ਛਾਪਣ ਵੇਲ਼ੇ ਬਦਲ ਦਿੱਤਾ ਗਿਆ ਹੈ’। 
                              ****
ਕੁੱਝ ਖ਼ਬਰਾਂ ਨਾਲ਼ ਸਾਡਾ ਦੂਰ ਦਾ ਸਬੰਧ ਵੀ ਨਾ ਹੋਣ ਦੇ ਬਾਵਜੂਦ ਇਕ ਮਨੁੱਖੀ ਸਬੰਧ ਜ਼ਰੂਰ ਹੁੰਦਾ ਹੈ। ਇਟਲੀ ਦੇ ਸ਼ਹਿਰ ਓਸਤਾਨਾ ਵਿਚ, ਪਿਛਲੇ 28 ਸਾਲਾਂ ਦੌਰਾਨ 
ਪਹਿਲੇ ਬੱਚੇ ਨੇ ਜਨਮ ਲਿਆ ਹੈ। ਇਸ ਬੱਚੇ ਦਾ ਨਾਂ ‘ਪਾਬਲੋ’ ਰੱਖਿਆ ਗਿਆ ਹੈ। ਉਹ ਇਸ ਸ਼ਹਿਰ ਦਾ 85ਵਾਂ ਵਾਸੀ ਹੈ।ਵੀਹਵੀਂ ਸਦੀ ਦੇ ਸ਼ੁਰੂ ਵਿਚ ਓਸਤਾਨਾ ਦੀ ਅਬਾਦੀ ਇਕ ਹਜ਼ਾਰ ਤੋਂ ਵੱਧ ਸੀ। ਵੀਹਵੀਂ ਸਦੀ ਵਿਚ ਹੀ ਇਸ ਸ਼ਹਿਰ ਦੀ ਅਬਾਦੀ ਏਦਾਂ ਘਟ ਗਈ, ਜਿੱਦਾਂ ਇਸ ਦੈਂਤ ਫਿਰ ਗਿਆ ਹੋਵੇ। 1976 ਤੋਂ 1987 ਤਕ ਦੇ ਸਮੇਂ ਦੌਰਾਨ ਇਸ ਸ਼ਹਿਰ ਵਿਚ ਮਸਾਂ 17 ਬੱਚੇ ਜੰਮੇ ਸਨ।
                              ****
ਕੈਨੇਡਾ ਵਿਚ ਕੀ, ਕਿਸੇ ਵੀ ਮੁਲਕ ਵਿਚ ਚੁੰਮੀ ਲੈਂਦੇ ਲੋਕ ਇਕੋ ਜਿਹੇ ਹੀ ਲੱਗਦੇ ਹਨ ਜਦੋਂ ਕਿ ਅਸਲ ਵਿਚ ਏਦਾਂ ਨਹੀਂ ਹੈ। ਕੈਨੇਡਾ ਦੇ ਹਰ ਸੂਬੇ ਦੇ ਲੋਕ ਇਸ ਮਾਮਲੇ ਵਿਚ ਵੱਖੋ-ਵੱਖ ਹਨ। 
ਇਹ ਜਾਣਕਾਰੀ, ਇਸ ਸਬੰਧ ਵਿਚ ਕਰਾਏ ਗਏ ਇਕ ਸਰਵੇਖਣ ਤੋਂ ਸਾਹਮਣੇ ਆਈ ਹੈ। ਇਸ ਸਰਵੇਖਣ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਲੋਕ, ਦੂਜੇ ਸੂਬਿਆਂ ਦੇ ਲੋਕਾਂ ਦੇ ਮੁਕਾਬਲੇ ਔਸਤਨ ਤਿੰਨ ਗੁਣਾ ਵੱਧ ਲੰਬੀ ਚੁੰਮੀ ਲੈਂਦੇ ਹਨ। ਅਲਬਰਟਾ ਦੇ ਲੋਕਾਂ ਨੂੰ ਚੁੰਮੀ ਲੈਣ ਦਾ ਚੱਜ ਹੀ ਨਹੀਂ ਹੈ। ਅਲਬਰਟਾ ਵਿਚ ਇਹੋ ਜਿਹੇ ਲੋਕ 22 ਫੀ ਸਦੀ ਹਨ ਜਦੋਂ ਕਿ ਬ੍ਰਿਟਿਸ਼ ਕੋਲੰਬੀਆ ਵਿਚ ਇਹੋ ਜਿਹੇ ਕੁਚੱਜੇ ਲੋਕ 17 ਫੀ ਸਦੀ ਹਨ।
ਕਿਊਬੈੱਕ ਦੇ ਲੋਕ ਚੁੰਮੀ ਦਾ ‘ਫਰੈਂਚ ਕਿੱਸ’ ਅੰਦਾਜ਼ ਜ਼ਿਆਦਾ ਪਸੰਦ ਕਰਦੇ ਹਨ। ਕਿਊਬੈੱਕ ਦੇ 47 ਫੀ ਸਦੀ ਲੋਕਾਂ ਦਾ ਕਹਿਣ ਹੈ ਕਿ ਉਹ ਚੁੰਮੀ ਲੈਣ ਵੇਲ਼ੇ, ਜੀਭ ਨੂੰ ਤਰਜੀਹ ਦਿੰਦੇ ਹਨ ਜਦੋਂ ਕਿ ਕਿਊਬੈੱਕ ਦੇ 24 ਫੀ ਸਦੀ ਲੋਕ, ਫੋਕਾ ਪਚਾਕਾ ਜਿਹਾ ਮਾਰ ਕੇ ਹੀ ਸਾਰ ਲੈਂਦੇ ਹਨ। ਪੂਰੇ ਕੈਨੇਡਾ ਵਿਚ ਇਹੋ ਜਿਹੇ ਲੋਕ 38 ਫੀ ਸਦੀ ਹੀ ਹਨ। ਚੁੰਮੀਆਂ ਲੈਣ-ਦੇਣ ਦੀਆਂ ਬਾਰੀਕੀਆਂ ਦੇ ਸਬੰਧ ਵਿਚ ਇਹ ਸਰਵੇਖਣ, ਬੁੱਲ੍ਹਾਂ ਨੂੰ ਸ਼ੰਗਾਰਨ ਦਾ ਸਾਮਾਨ ਬਣਾਉਣ ਵਾਲ਼ੀ ਇਕ ਕੰਪਨੀ ਨੇ ਕਰਾਇਆ ਸੀ।
ਪਿਛਲੇ ਸਾਲ ਕਰਾਏ ਗਏ ਇਕ ਹੋਰ ਸਰਵੇਖਣ ਵਿਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਚੁੰਮੀ ਲੈਣ ਦਾ ਅੰਦਾਜ਼, ਹਰ ਸਭਿਆਚਾਰ ਦਾ ਆਪੋ-ਆਪਣਾ ਹੈ। ਇਸ ਸਰਵੇਖਣ ਵਿਚ ਜਹਾਨ ਭਰ ਵਿਚੋਂ ਵੱਖ-ਵੱਖ ਨਸਲਾਂ ਦੇ 168 ਸਰੀਰ ਸ਼ਾਮਲ ਕੀਤੇ ਗਏ ਸਨ। ਉਨ੍ਹਾਂ ਦੇ ਚੁੰਮੀ ਲੈਣ ਦੇ ਅੰਦਾਜ਼ਾਂ ਵਿਚ ਭੋਰਾ ਵੀ ਇਕਸਾਰਤਾ ਜਾਂ ਸਰਬ ਵਿਆਪਕਤਾ ਨਹੀਂ ਸੀ। ਉਨ੍ਹਾਂ ਵਿਚੋਂ 46 ਫੀ ਸਦੀ ਲੋਕ ਹੀ ਚੁੰਮਣ ਵਟਾਉਣ ਵੇਲ਼ੇ ਰੁਮਾਨੀ ਹੋਏ ਸਨ।
ਇਨ੍ਹਾਂ ਸਰਵੇਖਣਾਂ ਤੋਂ ਇਕ ਸਾਰਥਕ ਨੁਕਤਾ ਸਾਹਮਣੇ ਆਇਆ ਹੈ ਕਿ ਜਿਹੜੇ ਲੋਕਾਂ ਨੂੰ ਚੁੰਮੀ ਲੈਣ ਤੋਂ ਕੋਈ ਰੁਮਾਨੀ ਜਾਂ ਆਸ਼ਕਾਨਾ ਤ੍ਰਿਪਤੀ ਨਹੀਂ ਹੁੰਦੀ, ਉਹ ਇਹ ਸਮਝ ਲੈਣ ਕਿ ਉਹ ਚੁੰਮਣ ਨਾ ਵਟਾ ਕੇ ਤੰਦਰੁਸਤ ਰਹਿਣ ਦਾ ਹੀਲਾ ਕਰਦੇ ਹਨ ਕਿਉਂ ਕਿ ਮਾਹਰਾਂ ਦਾ ਕਹਿਣ ਹੈ ਕਿ ਇਕ ਵਾਰੀ ਚੁੰਮੀ ਲੈਣ-ਦੇਣ ਨਾਲ਼ ਦੋਵੇਂ ਸਰੀਰ ਅੱਸੀ ਲੱਖ ਬੈਕਟੀਰੀਆ ਵੀ ਇਕ-ਦੂਜੇ ਨੂੰ ਲੈਂਦੇ-ਦਿੰਦੇ ਹਨ।
      {ਬਾਕੀ ਫੇਰ ਸਹੀ}
ਬਖ਼ਸ਼ਿੰਦਰੀਆਂ-1

     

 ਇਨਾਮਾਂ ਦੀ ਸਿਆਸਤ, ਸਿਆਸਤ ਦੇ ਇਨਾਮ

     
“ਮੈਂ ਅਪਨੇ ਕਾਲਮ ਮੇਂ ਤੁਮਹਾਰਾ ਪਰਦਾ ਫਾਸ਼ ਕਰ ਦੂੰਗਾ ਕੁਰੱਪਟ ਆਫੀਸਰ!” ਇਕ ਪੱਤਰਕਾਰ ਇਕ ਭ੍ਰਿਸ਼ਟ ਅਧਿਕਾਰੀ ਨੂੰ ਇਕ ਮੁਲਾਕਾਤ ਦੌਰਾਨ ਕਹਿੰਦਾ ਹੈ।
“ਕਾਲਮ ਲਿਖਨੇ ਕੇ ਲੀਏ ਅਖ਼ਬਾਰ ਕੀ ਜ਼ਰੂਰਤ ਹੋਤੀ ਹੈ, ਕਾਗ਼ਜ਼ ਕੀ ਜ਼ਰੂਰਤ ਹੋਤੀ ਹੈ। ਮੈਂ ਤੁਮਹਾਰੇ ਹਾਥ ਸੇ ਹਰ ਕਾਗ਼ਜ਼ ਛੀਨ ਲੂੰਗਾ, ਤੇਰੇ ਕਾਲਮ ਕੋ ਕਿਸੀ ਭੀ ਅਖ਼ਬਾਰ ਕਾ ਐਡੀਟਰ ਚਿਮਟੇ ਸੇ ਭੀ ਨਹੀਂ ਉਠਾਏਗਾ। ਲਿਖਤੇ ਰਹਿਨਾ ਔਰ ਖ਼ੁਦ ਹੀ ਪੜਤੇ ਰਹਿਨਾ,” ਉਸ ਭ੍ਰਿਸ਼ਟ ਅਧਿਕਾਰੀ ਦਾ ਜੁਆਬ ਸੀ।
ਇਹ ਜੁਮਲੇਬਾਜ਼ੀ ਬਹੁਤ ਬੁਲੰਦ ਹੋ ਜਾਣ ਮਗਰੋਂ, ਉਸ ਫ਼ਿਕਰੇ ਨਾਲ਼ ਬਹੁਤ ਵੱਡਾ ਮੋੜ ਕੱਟ ਜਾਂਦੀ ਹੈ, ਜੋ ਉਸ ਪੱਤਰਕਾਰ ਦੇ ਮੂੰਹੋਂ ਨਿੱਕਲਦਾ ਹੈ, “ਤੁਮ ਮੁਝ ਸੇ ਤਮਾਮ ਨਿਊਜ਼ਪੇਪਰ ਹੀ ਨਹੀਂ, ਬਲਕਿ ਜਹਾਨ ਭਰ ਕਾ ਪੇਪਰ ਭੀ ਛੀਨ ਲੇਨਾ, ਮੈਂ ਦੀਵਾਰੋਂ ਪਰ ਤੁਮਹਾਰੀ ਕੁਰੱਪਸ਼ਨ ਕੋ ਬੇਕਨਾਬ ਕਰ ਦੂੰਗਾ। ਮੈਂ ਦੀਵਾਰੋਂ ਕੋ ਜ਼ੁਬਾਨ ਦੇ ਦੂੰਗਾ, ਵੋਹ ਦੀਵਾਰੇਂ ਬੋਲੇਂਗੀ! ਤੁਮ ਉਨ ਦੀਵਾਰੋਂ ਕੋ ਚੁੱਪ ਨਹੀਂ ਕਰਾ ਪਾਓਗੇ, ਤੁਮ ਮੁਝ ਸੇ ਉਨ ਦੀਵਾਰੋਂ ਕੋ ਨਹੀਂ ਛੀਨ ਪਾਓਗੇ!!”  
....
ਕਿਸੇ ਜ਼ਮਾਨੇ ਵਿਚ, ਮੀਡੀਆ ਜਾਂ ਪੱਤਰਕਾਰੀ ਦੇ ਉਹਲੇ ਵਿਚ ਕੀਤੇ ਜਾਂਦੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਦੇ ਇਰਾਦੇ ਨਾਲ਼ ਇਕ ਫ਼ਿਲਮ ਸਕਰਿਪਟ ਵਿਚ ਲਿਖੇ ਇਕ ਸੀਨ ਵਿਚ ਇਹ ਸੰਵਾਦ ਦਰਜ ਕੀਤੇ ਸਨ। ਇੱਥੇ ਇਨ੍ਹਾਂ ਸੰਵਾਦਾਂ ਦੀ ਝਲਕ ਦਿਖਾਉਣ ਦਾ ਮਕਸਦ ਇਹੋ ਸੀ ਕਿ ਅੱਜ-ਕੱਲ੍ਹ, ਇਸ ਸੀਨ ਵਿਚ ਦਰਜ ਹਕੀਕਤ ਦੇ ਦਰਸ਼ਨ ਬਹੁਤ ਆਮ ਹੋਣ ਲੱਗ ਪਏ ਹਨ।
ਕੁੱਝ ਸਮੇਂ ਲਈ ਮੈਨੂੰ ਵੀ ਲੱਗਿਆ ਸੀ ਕਿ ਮੇਰਾ ਵੀ ਕੰਧਾਂ ਉੱਤੇ ਲਿਖਣ ਦਾ ਵਕਤ ਆ ਗਿਆ ਹੈ। ‘ਫੇਸਬੁੱਕ’ ਉੱਤੇ ਤੁਹਾਡੇ ਆਪਣੇ ਪੰਨੇ ਨੂੰ ਕਿਸੇ ਜ਼ਮਾਨੇ ਵਿਚ ‘ਵਾਲ’ ਯਾਨੀ ਕਿ ‘ਕੰਧ’ ਕਿਹਾ ਜਾਂਦਾ ਸੀ। ਉਸੇ ਹੀ ਕੰਧ ਉੱਤੇ ਮੈਂ ਹੁਣ ਮੈਂ ‘ਬਖ਼ਸ਼ਿੰਦਰੀਆਂ’ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨੂੰ ਕਾਲਮ ਸਮਝੋ ਜਾਂ ਕੁੱਝ ਹੋਰ, ਇਸ ਵਿਚ, ਨੀਲੀ ਛਤਰੀ ਹੇਠਲੇ ਕਿਸੇ ਵੀ ਵਿਸ਼ੇ ਜਾਂ ਵਿਸ਼ਿਆਂ ਬਾਰੇ ਗੱਲ ਕੀਤੀ ਜਾ ਸਕੇਗੀ।     
....
ਇਸ ਲੇਖ ਦੇ ਸਿਰਲੇਖ ਨੂੰ ਸਾਰਥਕ ਕਰਨ ਦਾ ਹੀਲਾ ਕਰਦਿਆਂ ਪੈਂਦੀ ਸੱਟੇ ਕਹਿ ਦੇਣਾ ਜ਼ਰੂਰੀ ਹੈ ਕਿ ਸਰਕਾਰਾਂ ਵੱਲੋਂ ਦਿੱਤੇ ਜਾਂਦੇ ਇਨਾਮ-ਇਕਰਾਮਾਂ ਉੱਤੇ ਸਿਆਸਤ ਦਾ ਅਸਰ ਹੁੰਦਾ ਤੇ ਇਹ ਇਨਾਮ ਗ਼ੈਰਸਿਆਸੀ ਦਿਸਣ ਦੇ ਬਾਵਜੂਦ ਸਿਆਸਤ ਤੋਂ ਪ੍ਰੇਰਤ ਹੁੰਦੇ ਹਨ। ਇਹ ਇਨਾਮ ਦੇਣ ਦਾ ਵਿਸ਼ੇਸ਼ ਮਕਸਦ ਹੁੰਦਾ ਹੈ, ਨਿਸ਼ਾਨਾ ਹੁੰਦਾ ਹੈ। ਜਿਹੜੇ ਫਨੀਅਰ ਬੀਨ ਨਾਲ਼ ਨਾ ਕੀਲੇ ਜਾਂਦੇ ਹੋਣ, ਉਨ੍ਹਾਂ ਨੂੰ ਇਨਾਮ ਦੀ ਪਿਟਾਰੀ ਵਿਚ ਪਾ ਲਿਆ ਜਾਂਦਾ ਹੈ। ਕਈ ਵਾਰੀ ਇਹ ਇਨਾਮ ਸਿਆਸੀ ਲਾਹਾ ਦੇਣ ਬਦਲੇ ਦਿੱਤੇ ਜਾਂਦੇ ਹਨ ਤੇ ਕਈ ਵਾਰੀ ਅਗਲੇ ਨੂੰ ਸਿਆਸੀ ਲਾਹਾ ਦੇਣ ਲਈ ਤਿਆਰ ਕਰਨ ਖ਼ਾਤਰ ਦਿੱਤੇ ਜਾਂਦੇ ਹਨ। ਕਈ ਵਾਰੀ ਇਹ ਸਰਕਾਰੀ ਇਨਾਮ, ਬੰਦੇ ਦੀ ਮੱਤ ਵੀ ਮਾਰ ਦਿੰਦੇ ਹਨ। 

ਮੱਤ ਮਾਰੀ ਜਾਣ ਦੀ ਤਾਜ਼ਾ ਮਿਸਾਲ ਹੈ, ਫ਼ਿਲਮ ਅਦਾਕਾਰ ਅਨੂਪਮ ਖੇਰ, ਜਿਸ ਨੇ ਸੰਨ 2010 ਵਿਚ ‘ਟਵਿੱਟਰ’ ਰਾਹੀਂ ਕੋਮੀ ਇਨਾਮਾਂ ਅਤੇ ਪਦਮ ਪਦਵੀਆਂ ਸਮੇਤ ਬਹੁਤ ਸਾਰੇ ਇਨਾਮਾਂ-ਇਕਰਾਮਾਂ ਦੀ ਭੋਸੇਯੋਗਤਾ ਦੀ ਏਹੀ ਤਹੀ ਫੇਰ ਦਿੱਤਾ ਸੀ। ਉਸ ਨੇ ਉਦੋਂ ਕਿਹਾ ਸੀ, “ਸਾਡੇ ਦੇਸ਼ ਵਿਚ ਇਨ੍ਹਾਂ ਇਨਾਮਾਂ ਨੇ ਸਾਡੇ ਨਿਜ਼ਾਮ ਦਾ ਮਖ਼ੌਲ ਬਣਾ ਸੁੱਟਿਆ ਹੈ। ਚਾਹੇ ਕੋਈ ਫ਼ਿਲਮੀ ਹੋਵੇ, ਕੌਮੀ ਹੋਵੇ, ਜਾਂ ਪਦਮ ਭੂਸ਼ਨ/ ਵਿਭੂਸ਼ਨ ਹੋਵੇ, ਕਿਸੇ ਵੀ ਇਨਾਮ ਵਿਚ ਕੋਈ ਤੰਤ ਨਹੀਂ ਰਹਿਣ ਦਿੱਤਾ ਗਿਆ ਹੈ।”  
ਜਦੋਂ ਅਨੂਪਮ ਖੇਰ ਨੂੰ ‘ਪਦਮ ਵਿਭੂਸ਼ਨ’ ਬਣਾ ਦਿੱਤਾ ਗਿਆ ਹੈ ਤਾਂ ਉਸੇ ਹੀ ਅਨੂਪਮ ਖੇਰ ਨੇ ਉਸੇ ਹੀ ‘ਟਵਿੱਟਰ’ ਰਾਹੀਂ ਏਦਾਂ ਫ਼ਰਮਾਇਆ ਹੈ, “ਮੈਨੂੰ ਤੁਹਾਡੇ ਨਾਲ਼ ਇਹ ਗੱਲ ਸਾਂਝੀ ਕਰਦਿਆਂ ਬਹੁਤ ਨਿਮਰਤਾ, ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਭਾਰਤ ਸਰਕਾਰ ਨੇ ‘ਪਦਮ ਵਿਭੂਸ਼ਨ’ ਦੀ ਉਪਾਧੀ ਨਾਲ਼ ਨਿਵਾਜ਼ਿਆ ਹੈ। ਇਹ ਮੇਰੀ ਜ਼ਿੰਦਗ਼ੀ ਦੀ ਸਭ ਤੋਂ ਵੱਡੀ ਖ਼ਬਰ ਹੈ। #ਜੈ ਹਿੰਦ!”
ਜਦੋਂ ਉਸ ਦੇ ਦੋਗਲੇਪਨ ’ਤੇ ਨੁਕਤਾਚੀਨੀ ਸ਼ੁਰੂ ਹੋਈ ਤਾਂ ਉਸ ਨੇ ਸ਼ਰਮਿੰਦਾ ਹੋਣ ਦੀ ਥਾਂ ਏਦਾਂ ਕਿਹਾ:
“ਸੁਨ ਰਹਾ ਹੂੰ ਹੈ ਆਜ ਬਾਜ਼ਾਰ ਮੇਂ ਬਰਨੌਲ 
ਬਹੁਤ ਜ਼ੋਰੋਂ-ਸ਼ੋਰੋਂ ਸੇ ਬਿਕ ਰਹਾ ਹੈ!”
....
ਅਖੇ “ਅਣਿਆਈ ਮੌਤ ਮਰ ਗਿਆ!” ਇਸ ਨੂੰ ‘ਕਿਸਿਆਈ ਮੌਤ’ ਕਹੋਗੇ? ਅੰਨ੍ਹੇ ਜਿਹੇ ਢੰਗ ਨਾਲ਼ ਦੱਸੀ ਜਾ ਰਹੀ ਇਹ ਗੱਲ ਤੁਹਾਨੂੰ ਸੁਣਾਉਣ ਦਾ, ਇਸ ਨਾਲ਼ੋਂ ਬਿਹਤਰ ਢੰਗ ਹੋਰ ਨਹੀਂ ਸੁੱਝ ਰਿਹਾ। ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਸ਼ਹਿਰ ਡੈਟਰਾਇਟ ਵਿਚ ਇਕ ਆਦਮੀ ਉਸ ਵੇਲ਼ੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਕਾਰ ਚਲਾਉਣ ਦੇ ਨਾਲ਼-ਨਾਲ਼, ਆਪਣੀ ਪਤਲੂਣ ਲਾਹ ਕੇ, ਆਪਣੇ ਫੋਨ ਤੋਂ ਅਸ਼ਲੀਲ ਫ਼ਿਲਮ ਦੇਖ ਰਿਹਾ ਸੀ।
ਮਿਸ਼ੀਗਨ ਸਟੇਟ ਦੀ ਪੁਲੀਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਾਦਸਾ ਆਪਣੀ ਹੀ ਕਿਸਮ ਦਾ ਅਤੇ ਬਹੁਤ ਹੀ ਅਜੀਬੋ-ਗ਼ਰੀਬ ਹੈ।ਇਕ ਪੁਲੀਸ ਅਧਿਕਾਰੀ ਦਾ ਕਹਿਣ ਹੈ, “ਅਸੀਂ ਲੋਕਾਂ ਨੂੰ ਕਾਰ ਚਲਾਉਂਦਿਆਂ ‘ਮੇਕ ਅੱਪ’ ਕਰਦੇ ਜਾਂ ‘ਮੇਕ ਅੱਪ’ ਕਰਦਿਆਂ ਕਾਰ ਚਲਾਉਂਦੇ ਤਾਂ ਵੀਹ ਵਾਰੀ ਦੇਖਿਆ ਹੋਊ, ਅਸੀਂ ਲੋਕਾਂ ਨੂੰ ਡਰਾਈਵਿੰਗ ਕਰਨ ਦੌਰਾਨ ਹੋਰ ਵੀਹ ਦੁਕੰਮਣ ਕਰਦੇ ਦੇਖਿਆ ਹੋਊ, ਕਿਤਾਬਾਂ ਪੜ੍ਹਦੇ ਦੇਖਿਐ।ਟੈਕਨਾਲੋਜੀ ਦੇ ਕਈ ਕਈ ਪੰਗੇ ਲੈਂਦਿਆਂ ਦੇਖਿਆ ਹੋਊਗਾ, ਪਰ ਕਾਰ ਚਲਾਉਣ ਦੇ ਨਾਲ਼-ਨਾਲ਼ ਇਹੋ ਜਿਹਾ ਕੁੱਤਪੁਣਾ ਕਰਦਿਆਂ ਤੇ ਕਰਦਿਆਂ ਰੱਬ ਨੂੰ ਪਿਆਰੇ ਹੁੰਦੇ ਨਹੀਂ ਦੇਖਿਆ ਸੀ। ਰੱਬ ਨੇ ਸਾਨੂੰ ਇਹ ਮੌਕਾ ਦੇਖਣ ਤੋਂ ਵੀ ਵਾਂਝੇ ਨਹੀਂ ਰੱਖਿਆ।”
ਜਦੋਂ ਇਸ 58 ਸਾਲਾ ਬਹੁ-ਕਿਰਸੀ ਵਿਅਕਤੀ ਦੀ 1996 ਮਾਡਲ ਟਿਓਟਾ ਕਾਰ, ਐੱਲ-95 ਰੋਡ ਉੱਤੇ ਉਲਟਬਾਜ਼ੀਆਂ ਪਾ ਰਹੀ ਸੀ ਤਾਂ ਇਹ ਸੱਜਣ ਜੀ, ਕਾਰ ਦੀ ‘ਸਨਰੂਫ’ ਥਾਣੀਂ ਬਾਹਰ ਡਿੱਗ ਪਏ ਸਨ।ਇਹ ਹਾਦਸਾ ਦਿਨੇ ਸਾਢੇ ਤਿੰਨ ਵਜੇ ਹੋਇਆ ਸੀ।  
(ਬਾਕੀ ਅਗਲੀ ਵਾਰ ਸਹੀ)
ਗ਼ਜ਼ਲ
                                   

ਚਿਹਰੇ ਤੋਂ ਸਰਕਾਇਆ ਹੀ ਸੀ, ਉਸ ਨੇ ਰਤਾ ਨਕਾਬ ਬਾਬਿਓ।
ਖਾਲੀ ਹੋਏ ਪਿਆਲਿਆਂ ਅੰਦਰ, ਭਰ ਗਈ ਫੇਰ ਸ਼ਰਾਬ ਬਾਬਿਓ।


ਧਰਤੀ ਜਾਪੇ ਭੀੜੀ-ਭੀੜੀ, ਅੰਬਰ ਜਾਪੇ ਨੀਵਾਂ-ਨੀਵਾਂ,
ਸਮਝ ਲਓ ਫਿਰ ਆ ਚੱਲਿਆ ਏ, ਥੋਡੇ ਉੱਤੇ ਸ਼ਬਾਬ ਬਾਬਿਓ।


ਸਿਖ਼ਰ ਦੁਪਹਿਰੇ ਖੁਸ਼ਕ ਬੀਤ ਗਏ, ਨੀਰਸ ਹੋਈਆਂ ਸ਼ਾਮਾਂ,
ਕੋਈ ਇਲਾਹੀ ਰਸ ਬਰਸਾਓ, ਛੇੜੋ ਰਾਗ-ਰਬਾਬ ਬਾਬਿਓ।


ਇਸ ਧਰਤੀ ’ਤੇ ਆਏ ਹੋ, ਤਾਂ ਰੀਤ ਨਿਭਾਓ ਏਥੋਂ ਦੀ,
ਹੱਕ-ਸੱਚ ਦੇ ਨਾਅਰੇ ਲਾ ਕੇ, ਹੋਣਾ ਤੁਸੀਂ ਖਰਾਬ ਬਾਬਿਓ।


ਸੁਰ ਆਇਆ, ਸੰਗੀਤ ਆ ਗਿਆ, ਕਈ ਸੁਨੱਖੇ ਚਿਹਰੇ ਆਏ,
ਹੁਣ ਅੰਗਾਂ ਵਿਚ ਨਾਚ ਕਰਨਗੇ, ਬੋਤਲ ਅਤੇ ਕਬਾਬ ਬਾਬਿਓ।


ਸਤਰੰਗੀ ਜਿਹੀ ਸ਼ੋਖ਼ ਸ਼ਰਾਰਤ, ਸ਼ਾਇਰੀ ਕਰਦੀ ਆਈ ,
ਇਸ ਰੰਗ ਬਿਨ ਬਦਰੰਗਾ ਸੀ, ਰੰਗਾਂ ਦਾ ਤਾਲਾਬ ਬਾਬਿਓ।

ਮਸ਼ੀਨਾਂ ਬੋਲਦੀਆਂ

ਜਦ ਵੀ ਕਰੀਏ ਫੋਨ, ਮਸ਼ੀਨਾਂ ਬੋਲਦੀਆਂ।
ਆਓ ਲੈ ਜਾਓ ਲੋਨ, ਮਸ਼ੀਨਾਂ ਬੋਲਦੀਆਂ।

ਬੰਦਾ ਇੱਥੇ ਗੱਲ ਸੁਣੇ ਨਾ ਬੰਦੇ ਦੀ,
ਸੁਣਦਾ ਆਈਫੋਨ, ਮਸ਼ੀਨਾਂ ਬੋਲਦੀਆਂ।

ਸਾਰੇ ਇੱਥੇ ਡਾਲਰ ਪਿੱਛੇ ਭੱਜਦੇ ਨੇ,
ਇਹੋ ਦ੍ਰਿਸ਼ਟੀਕੋਣ, ਮਸ਼ੀਨਾਂ ਬੋਲਦੀਆਂ।

ਅਮੜੀ ਅੰਨ੍ਹੀ ਹੋਈ, ਉਡੀਕੇ ਪੁੱਤਰ ਨੂੰ
ਸੁਣ ਕੇ ਆਵੇ ਰੋਣ, ਮਸ਼ੀਨਾਂ ਬੋਲਦੀਆਂ।

ਜਦ ਤੋਂ ਸੁਣ ਲਈ ਭਾਨ ਖੜਕਦੀ ਡਾਲਰ ਦੀ
ਬਦਲ ਗਈ ਏ ਟੋਨ, ਮਸ਼ੀਨਾਂ ਬੋਲਦੀਆਂ।

ਮੁਲਕ ਬਦਲ ਵੀ ਦੇਖ ਲਿਆ ‘ਬਖ਼ਸ਼ਿੰਦਰ’ ਜੀ,
ਮਸਲੇ ਹੱਲ  ਨਾ ਹੋਣ, ਮਸ਼ੀਨਾਂ ਬੋਲਦੀਆਂ।
                   #

ਖ਼ਾਕਸਾਰ

My photo
ਇਹ ਬੰਦਾ "ਪੀਪਲਜ਼ ਪਾਰਟੀ ਆਫ ਪੰਜਾਬ" ਦੇ 'ਮੀਡੀਆ ਸਲਾਹਕਾਰ' ਦਾ ਅਹੁਦਾ ਛੱਡ ਗਿਆ ਹੈ। ਇਸ ਨੇ 'ਮੌਨ ਅਵੱਸਥਾ ਦੇ ਸੰਵਾਦ' ਨਾਂ ਦਾ ਇਕ ਕਾਵਿ ਸੰਗ੍ਰਹਿ, 'ਸਭ ਤੋਂ ਗੰਦੀ ਗਾਲ਼' ਨਾਂ ਦਾ ਨਾਟਕ ਸੰਗ੍ਰਹਿ, ਲਿਖੇ ਹੋਏ ਹਨ। ਫ਼ਿਲਮਾਂ ਬਣਾਉਣ ਦੇ ਹੁਨਰ ਬਾਰੇ ਇਸ ਸ਼ਖ਼ਸ ਦੀ ਲਿਖੀ ਹੋਈ ਕਿਤਾਬ 'ਫ਼ਿਲਮਸਾਜ਼ੀ' ਪੰਜਾਬੀ ਵਿਚ ਸਿਨੇਮਾ ਬਾਰੇ ਇਕਲੌਤੀ ਕਿਤਾਬ ਹੈ। ਬੱਤੀ-ਤੇਤੀ ਸਾਲ ਪੰਜਾਬੀ ਦੇ ਕਈ ਅਖ਼ਬਾਰਾਂ ਵਿਚ ਖ਼ਬਰਾਂ ਤੇ ਫੀਚਰਾਂ ਉੱਤੇ ਕਲਮ ਵਾਹੁਣ ਦੇ ਨਾਲ-ਨਾਲ ਕਈ ਸਾਲ ਫ਼ਿਲਮਾਂ ਦੀ ਕਲਮੀ ਚੀਰ-ਫਾੜ ਕਰਦਾ ਰਿਹਾ ਇਹ ਬੰਦਾ ‘ਮਾਹੌਲ ਠੀਕ ਹੈ’, ‘ਜ਼ੋਰਾਵਰ’ ਜਿਹੀਆਂ ਫੀਚਰ ਫ਼ਿਲਮਾਂ ਅਤੇ ‘ਕੰਮੋ’ ਨਾਂ ਦੀ ਟੈਲੀ ਫ਼ਿਲਮ ਦੀਆਂ ਸਕਰਿਪਟਸ ਲਿਖ ਚੁੱਕਾ ਹੈ। ਆਕਾਸ਼ਵਾਣੀ ਦੇ ਸਾਲਾਨਾ ਨਾਟਕ ਲਿਖਣ ਮੁਕਾਬਲੇ ਵਿਚ ਇਸ ਦੇ ਰੇਡੀਓ ਨਾਟਕ ‘ਇਸ਼ਤਿਹਾਰ’ ਨੂੰ ਸੂਚਨਾ ਤੇ ਪ੍ਰਸਾਰਣ ਵਿਭਾਗ ਵਲੋਂ ਨੈਸ਼ਨਲ ਐਵਾਰਡ ਦਿੱਤਾ ਜਾ ਚੁੱਕਾ ਹੈ। 2010 ਵਿਚ ਇਸ ਨੇ ਸ਼ਹੀਦ ਬਾਬਾ ਬੂਝਾ ਸਿੰਘ ਦੇ ਜੀਵਨ ਦੇ ਆਧਾਰ ’ਤੇ ਇਕ ਫੀਚਰ ਫਿਲਮ ‘ਬਾਬਾ ਇਨਕਲਾਬ ਸਿੰਘ’ ਬਣਾਉਣ ਲਈ ਮਹੂਰਤ ਕੀਤਾ ਸੀ। ਸਕਰਿਪਟ ਲਿਖਣ ਦੇ ਨਾ਼ਲ-ਨਾਲ਼ ਫ਼ਿਲਮ ਦੇ ਡਾਇਰੈਕਸ਼ਨ ਦੀ ਜ਼ਿੰਮੇਵਾਰੀ ਵੀ ਇਸੇ ਨੂੰ ਸੌਂਪੀ ਗਈ ਸੀ। ਹੁਣ ਤਾਂ ਉਹ 'ਤੇਰੀ ਫ਼ਿਲਮ' ਨਾਂ ਦੀ ਇਕ ਹਿੰਦੁਸਤਾਨੀ ਸ਼ਾਰਟ ਫ਼ਿਲਮ ਬਣਾ ਕੇ ਤੇ ਟੋਰਾਂਟੋ ਦੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਰਿਲੀਜ਼ ਕਰ ਕੇ, ਵੱਡੇ-ਵੱਡੇ ਫ਼ਿਲਮਸਾਜ਼ਾਂ ਦੀ ਹਾਜ਼ਰੀ ਵਿਚ ਆਪਣੀ ਲਿਖਣ ਤੇ ਨਿਰਦੇਸ਼ਨ ਕਲਾ ਦੇ ਜਲਵੇ ਦਿਖਾ ਚੁੱਕਾ ਹੈ। ਹਾਲ ਹੀ ਵਿਚ ਉਹ ਇਕ ਕਾਮੇਡੀ ਫ਼ਿਲਮ ‘ਇਸ਼ਕ ਦੀ ਨਵੀਓਂ ਨਵੀਂ ਬਹਾਰ’ ਦੀ ਕਹਾਣੀ ਤੇ ਪਟਕਥਾ ਲਿਖ ਹਟਿਆ ਹੈ। ਇਸ ਦਾ ਜੇਬੀ ਫੋਨ ਨੰਬਰ : 001-778-378-9669 ਹੈ ਅਤੇ ਈ-ਮੇਲ ਸਿਰਨਾਵਾਂ bababax@gmail.com ਹੈ।

ਕੁਦਰਤੀਆਂ

ਕੁਦਰਤੀਆਂ
ਕੁਦਰਤ ਏਦਾਂ ਕਰ ਸਕਦੀ ਜੇ ਕੁਦਰਤੀਆਂ, ਆਪਾਂ ਵੀ ਕਰ ਸਕਦੇ ਹਾਂ ‘ਬਖ਼ਸ਼ਿੰਦਰੀਆਂ’

ਕੋਈ ਉਸਤਾਦ ਦੱਸੇਗਾ ਕਿ ਇਨ੍ਹਾਂ ਲਹਿਰਾਂ ਦਾ ਛੰਦ ਕਿਹੜਾ ਹੈ, ਬਹਿਰ ਕਿਹੜੀ ਹੈ

ਇਕ ਨਜ਼ਰ ਇੱਧਰ ਵੀ ਹਜ਼ੂਰ !