‘ਕਨੰਈਏ’ ਨੂੰ ਘੇਰ ਬੈਠੇ ‘ਰਾਮਜ਼ਾਦੇ’
ਤੇ
ਹਨੂਮਾਨ ਨੂੰ ਨੋਟਿਸ
ਪਿਛਲੇ ਕਈ ਦਿਨਾਂ ਤੋਂ ਮੇਰੇ ਭਾਰਤ ਮਹਾਨ ਦੀ ਹਰ ਇੱਟ ਉੱਤੇ ਕਈ-ਕਈ ਖ਼ਬਰਾਂ ਪਈਆਂ ਦਿਸਦੀਆਂ ਹਨ ਤੇ ਖ਼ਬਰਾਂ ਵੀ ਅਹਿਮ ਤੇ ਵੱਡੀਆਂ। ਇਕ ਖ਼ਬਰ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਭਰ ਵਿਚ ਆਪਣੇ ਤੋਂ ਇਲਾਵਾ ਸਾਰੇ ਗ਼ੱਦਾਰ ਹੀ ਦਿਸਦੇ ਹਨ।15 ਫਰਵਰੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਜੋ ਕੁੱਝ ਵੀ ਹੋਇਆ, ਉਹ ਹੁਣ ਕਿਸੇ ਤੋਂ ਗੁੱਝਾ ਨਹੀਂ ਹੈ। ਉਸ ਦਿਨ, ਭਾਰਤੀ ਜਨਤਾ ਪਾਰਟੀ ਦੇ ਕੁੱਝ ਮੈਂਬਰਾਂ, ਜਿਨ੍ਹਾਂ ਵਿਚ ਓ. ਪੀ. ਸ਼ਰਮਾ ਨਾਂ ਦਾ ਇਕ ਵਿਧਾਇਕ ਵੀ ਸ਼ਾਮਲ ਸੀ ਅਤੇ ਕੁੱਝ ਵਕੀਲਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨੰ੍ਹਈਆ ਕੁਮਾਰ ਦੇ ਹਮਾਇਤੀ ਵਿਦਿਆਰਥੀਆਂ ਤੇ ਹੋਰ ਲੋਕਾਂ ਉੱਤੇ ਹਮਲਾ ਹੀ ਕਰ ਦਿੱਤਾ ਕਿਉਂ ਕਿ ਉਨ੍ਹਾਂ ਨੂੰ ਉਹ ਸਾਰੇ ਹੀ ਗ਼ੱਦਾਰ ਦਿਸ ਰਹੇ ਸਨ। ਇਸ ਹਮਲੇ ਦੇ ਸ਼ਿਕਾਰ ਹੋਏ, ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਅਮੀਕ ਜਮਾਈ ਨੂੰ ਤਾਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਓ. ਪੀ. ਸ਼ਰਮਾ ਨੇ ਢਾਹ ਹੀ ਲਿਆ। ਇੰਨਾ ਹੀ ਨਹੀਂ, ਜਨਾਬ ਜਮਾਈ ਨੂੰ ਮੁੱਕੇ ਅਤੇ ਠੁੱਡੇ ਵੀ ਮਾਰੇ ਗਏ। ਉਸ ਦਿਨ ਕਨ੍ਹੰਈਆ ਨੂੰ ਗ਼ੱਦਾਰੀ ਦੇ ਦੋਸ਼ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
9 ਫਰਵਰੀ, 2016 ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਵਿਚ ਕੀ ਹੋਇਆ, ਇਸ ਵੱਲ ਵੀ ਗ਼ੌਰ ਕਰਨਾ ਬਣਦਾ ਹੈ। ਇਸ ਸਬੰਧ ਵਿਚ ਹਰਸ਼ਿਤ ਅਗਰਵਾਲ ਨਾਂ ਦੇ ਇਕ ਵਿਦਿਆਰਥੀ ਨੇ ਏਦਾਂ ਕਿਹਾ, “ਮੈਂ ਢਾਈ ਸਾਲਾਂ ਤੋਂ ਇਸ ਯੂਨੀਵਰਸਿਟੀ ਵਿਚ ਪੜ੍ਹਨ ਦੌਰਾਨ ਇਸ ਤਰ੍ਹਾਂ ਭਾਰਤ ਵਿਰੋਧੀ ਨਾਅਰੇਬਾਜ਼ੀ ਹੁੰਦੀ ਨਹੀਂ ਸੁਣੀ ਸੀ। ਉਸ ਦਿਨ ‘ਡੈਮੋਕ੍ਰੈਟਿਕ ਸਟੂਡੈਂਟਸ ਯੂਨੀਅਨ’ ਕਹਾਉਂਦੀ ਇਕ ਜਥੇਬੰਦੀ ਦੇ ਸਾਬਕਾਂ ਮੈਂਬਰਾਂ ਨੇ ਅਫ਼ਜ਼ਲ ਗੁਰੂ ਅਤੇ ਮਕਬੂਲ ਬੱਟ ਨੂੰ ਫਾਂਸੀ ਦੇਣ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਇਕ ਸਭਿਆਚਾਰਕ ਮੀਟਿੰਗ ਕਰਨ ਦਾ ਸੱਦਾ ਦਿੱਤਾ ਹੋਇਆ ਸੀ। ਇਸ ਮੀਟਿੰਗ ਵਿਚ ‘ਸਵੈਨਿਰਣੇ ਦੇ ਹੱਕ ਦੀ ਮੰਗ ਦੇ ਹੱਕ ਵਿਚ ਕਸ਼ਮੀਰੀ ਲੋਕਾਂ ਵੱਲੋਂ ਜਾਰੀ ਸੰਘਰਸ਼ ਦੀ ਹਮਾਇਤ ਵੀ ਕੀਤੀ ਜਾਣੀ ਸੀ। ਇਸ ਮੀਟਿੰਗ ਵਿਚ, ਇਸ ਯੂਨੀਵਰਸਿਟੀ ਦੇ ਤੇ ਹੋਰ ਯੂਨੀਵਰਸਿਟੀਜ਼ ਦੇ ਕਸ਼ਮੀਰੀ ਵਿਦਿਆਰਥੀਆਂ ਨੇ ਵੀ ਸ਼ਿਰਕਤ ਕਰਨੀ ਸੀ। ਵਿਦਿਆਰਥੀਆਂ ਦੀ ਇਹ ਜਥੇਬੰਦੀ ਮਾਓਵਾਦੀਆਂ ਦੀ ਜਥੇਬੰਦੀ ਸਮਝੀ ਜਾਂਦੀ ਹੈ।
“ਇਹ ਮੀਟਿੰਗ ਹਾਲ਼ੇ ਸ਼ੁਰੂ ਨਹੀਂ ਹੋਈ ਸੀ ਕਿ ‘ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ (ਏ. ਬੀ. ਵੀ. ਪੀ.), ਜੋ ਆਪਣੇ-ਆਪ ਨੂੰ ਰਾਸ਼ਟਰਵਾਦ ਦੀ ਮੁੱਖ ਝੰਡਾਬਰਦਾਰ ਸਮਝਦੀ ਹੈ, ਨੇ ਪ੍ਰਸ਼ਾਸਨ ਨੂੰ ਕਿਹਾ ਕਿ ਉਹ, ਇਹ ਮੀਟਿੰਗ ਕਰਨ ਲਈ ਦਿੱਤੀ ਇਜਾਜ਼ਤ ਰੱਦ ਕਰੇ ਕਿਉਂ ਕਿ ‘ਇਹ ਮੀਟਿੰਗ ਯੂਨੀਵਰਸਿਟੀ ਦੇ ਮਾਹੌਲ ਲਈ ਨੁਕਸਾਨਦੇਹ ਹੈ’। ਪ੍ਰਸ਼ਾਸਨ ਨੇ ਦੋਹਾਂ ਧਿਰਾਂ ਵਿਚਾਲ਼ੇ ਟਕਰਾਅ ਹੋਣ ਦੀ ਸੰਭਾਵਨਾ ਤਾੜ ਕੇ ਮੀਟਿੰਗ ਕਰਨ ਦੀ ਇਜਾਜ਼ਤ ਰੱਦ ਕਰ ਦਿੱਤੀ। ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿਚ ਹਰ ਤਰ੍ਹਾਂ ਦੇ ਵਿਚਾਰਾਂ ਦੇ ਹਮਾਇਤੀਆਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਹਨ। ਇਹ ਮੀਟਿੰਗ ਰੱਦ ਕਰਾ ਕੇ ਏ. ਬੀ. ਵੀ. ਪੀ. ਨੇ ਆਪਣੀ ਹੈਂਕੜ ਹੀ ਦਿਖਾਈ ਸੀ। ਇਸ ਤੋਂ ਬਾਅਦ, ਡੀ. ਐੱਸ. ਯੂ. ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਯਾਨੀ ਜੇ. ਐੱਨ. ਯੂ. ਐੱਸ. ਯੂ. ਤੋਂ ਅਤੇ ਹੋਰ ਖੱਬੇ ਪੱਖੀ ਜਥੇਬੰਦੀਆਂ ਤੋਂ ਮਦਦ ਮੰਗੀ। ਇਹ ਮਦਦ, ਕਸ਼ਮੀਰ ਬਾਰੇ ਆਪਣੀ ਵਿਚਾਰਧਾਰਾ ਦੀ ਹਮਾਇਤ ਖ਼ਾਤਰ ਨਹੀਂ ਸੀ, ਸਗੋਂ ਜਮਹੂਰੀ ਢੰਗ ਨਾਲ਼ ਮੀਟਿੰਗ ਕਰਨ ਦੇ ਸਬੰਧ ਵਿਚ ਮੰਗੀ ਗਈ ਸੀ। ਬਾਕੀ ਜਥੇਬੰਦੀਆਂ ਨੇ ਵੀ ਇਸ ਤਰ੍ਹਾਂ ਮੀਟਿੰਗ ਕਰਨ ਦੀ ਇਜਾਜ਼ਤ ਰੱਦ ਕਰਨ ਅਤੇ ਏ. ਬੀ. ਵੀ. ਪੀ. ਵੱਲੋਂ ਨਜਾਇਜ਼ ਦਖ਼ਲ ਦੇਣ ਦਾ ਵਿਰੋਧ ਕੀਤਾ। ਉਨ੍ਹਾਂ ਨੇ ਉਹ ਮੀਟਿੰਗ ਕਰਨ ’ਤੇ ਅੜੇ ਰਹਿਣ ਲਈ ਕਿਹਾ।
“ਇਸ ਦੌਰਾਨ ਪ੍ਰਸ਼ਾਸਨ ਨੇ ਬੈਡਮਿੰਟਨ ਦੀ ਉਹ ਕੋਰਟ ਰੋਕਣ ਲਈ ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤੇ, ਜਿਸ ਵਿਚ ਇਹ ਮੀਟਿੰਗ ਕੀਤੀ ਜਾਣੀ ਸੀ। ਇਸ ਦੇ ਨਾਲ਼ ਹੀ ਮੀਟਿੰਗ ਲਈ ਮਾਈਕਰੋਫੋਨਜ਼ ਦੀ ਵਰਤੋਂ ਕਰਨ ਦੀ ਮਨਾਹੀ ਵੀ ਕਰ ਦਿੱਤੀ। ਮੀਟਿੰਗ ਕਰਨ ਵਾਲ਼ਿਆਂ ਨੇ ਇਸ ਦਾ ਕੋਈ ਵਿਰੋਧ ਨਾ ਕੀਤ ਤੇ ਫੈਸਲਾ ਕੀਤਾ ਕਿ ਉਹ ਇਹ ਮੀਟਿੰਗ, ਢਾਬੇ ਵਿਚ ਮਾਈਕਾਂ ਤੋਂ ਬਗ਼ੈਰ ਹੀ ਕਰ ਲੈਣਗੇ।ਇੰਨੇ ਵਿਚ ਏ. ਬੀ. ਵੀ. ਪੀ. ਵਾਲ਼ਿਆਂ ਨੇ ਆ ਕੇ, ‘ਯੇਹ ਕਸ਼ਮੀਰ ਹਮਾਰਾ ਹੈ-ਸਾਰੇ ਕਾ ਸਾਰਾ ਹੈ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਜੁਆਬ ਵਿਚ ਮੀਟਿੰਗ ਕਰਨ ਵਾਲ਼ਿਆਂ ਨੇ ‘ਹਮ ਕਿਆ ਚਾਹਤੇ ਹੈਂ-ਆਜ਼ਾਦੀ!’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।ਇਸ ਤੋਂ ਬਾਅਦ ‘ਤੁਮ ਕਿਤਨੇ ਅਫ਼ਜ਼ਲ ਮਾਰੋਗੇ-ਹਰ ਘਰ ਸੇ ਅਫ਼ਜ਼ਲ ਨਿਕਲੇਗਾ’ ਦੇ ਨਾਅਰੇ ਵੀ ਲੱਗੇ।
“ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਜੇ. ਐੱਨ. ਯੂ. ਤੋਂ ਬਾਹਰੋਂ ਆਏ ਹੋਏ ਕੁੱਝ ਕਸ਼ਮੀਰੀ ਵਿਦਿਆਰਥੀਆਂ ਨੇ ਭੀੜ ਦੇ ਵਿਚਾਲ਼ੇ ਇਕ ਦਾਇਰਾ ਬਣਾ ਕੇ ‘ਭਾਰਤ ਕੀ ਬਰਬਾਦੀ ਤਕ-ਜੰਗ ਰਹੇਗੀ, ਜੰਗ ਰਹੇਗੀ’ ਅਤੇ ‘ਇੰਡੀਆ ਗੋ ਬੈਕ’ ਦੇ ਨਾਅਰੇ ਲਗਾਏ।”
‘ਪਾਕਿਸਤਾਨ-ਜ਼ਿੰਦਾਬਾਦ’ ਦੇ ਨਾਅਰਿਆਂ ਦੇ ਸਬੰਧ ਵਿਚ ਹਰਸ਼ਿਤ ਅਗਰਵਾਲ ਦਾ ਕਹਿਣਾ ਹੈ, “ਇਸ ਮਾਮਲੇ ਵਿਚ ਗੜਬੜ ਹੈ। ਮੈਂ ਉੱਥੇ ਮੌਜੂਦ ਸਾਂ, ਪਰ ਮੈਂ ਇਹੋ ਜਿਹਾ ਕੋਈ ਨਾਅਰਾ ਨਹੀਂ ਸੁਣਿਆ। ਇਸ ਘਟਨਾ ਦੀ ਵਿਡੀਓ, ਵਿਚ ਇਹ ਨਾਅਰਾ ਸੁਣਾਈ ਦਿੰਦਾ ਹੈ, ਪਰ ਉਸ ਵਿਚ ਵੀ ਇਹ ਸਪੱਸ਼ਟ ਨਹੀਂ ਕਿ ਇਹ ਨਾਅਰਾ ਲਗਾਉਣ ਵਾਲ਼ਾ ਕੌਣ ਹੈ।”
ਇਸ ਤੋਂ ਮਗਰੋਂ ਸਰਕਾਰ ਨੇ ਕੀ ਕੀਤਾ, ਦੇ ਸਬੰਧ ਵਿਚ ਉਹ ਏਦਾਂ ਕਹਿੰਦਾ ਹੈ, “ਪੁਲੀਸ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਹੁਕਮ ’ਤੇ ਸਾਡੀ ਯੂਨੀਵਰਸਿਟੀ ਵਿਚ ਛਾਪੇ ਮਾਰੇ ਤੇ ਜੇ. ਐੱਨ. ਯੂ. ਐੱਸ. ਯੂ. ਦੇ ਪ੍ਰਧਾਨ ਕਨੰ੍ਹਈਆ ਕੁਮਾਰ ਨੂੰ ਚੁੱਕ ਲਿਆ। ਬਾਅਦ ’ਚ ਅਦਾਲਤ ਨੇ ਉਸ ਨੂੰ 3 ਦਿਨਾਂ ਲਈ ਪੁਲੀਸ ਰਿਮਾਂਡ ਵਿਚ ਦੇ ਦਿੱਤਾ।ਕਨੰ੍ਹਈਆ ਕੁਮਾਰ ਨੇ ਕੋਈ ਨਾਅਰਾ ਨਹੀਂ ਲਗਾਇਆ ਸੀ, ਨਾ ਹੀ ਉਸ ਨੇ ਕੋਈ ਹੋਰ ਖੁਨਾਮੀ ਕੀਤੀ ਸੀ।ਉਸ ਤੋਂ ਅਗਲੇ ਦਿਨ ਕੁੱਝ ਹੋਰ ਵਿਦਿਆਰਥੀ ਫੜ ਲਏ ਗਏ।”
*****
ਇਸ ਦੌਰਾਨ ਫਰਾਂਸ ਦੇ ਅਖ਼ਬਾਰ ‘ਲੇ ਮੌਂਡੇ’ ਆਪਣੇ ਇਕ ਸੰਪਾਦਕੀ ਨੋਟ ਵਿਚ ਫਰਾਂਸ ਸਰਕਾਰ ਨੂੰ ਕਿਹਾ ਹੈ ਕਿ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਜੋ ਕੁੱਝ ਹੋਇਆ ਹੈ, ਉਸ ਵਿਚ ਮਨੁੱਖੀ ਹੱਕਾਂ ਬਾਰੇ ਹੋਈਆਂ ਨਿਹੱਕੀਆਂ ਗੱਲਾਂ ਦਾ ਮਾਮਲਾ ਭਾਰਤ ਸਰਕਾਰ ਅੱਗੇ ਉਠਾਏ। ਇਸ ਸੰਪਾਦਕੀ ਟਿੱਪਣੀ ਵਿਚ ਏਦਾਂ ਲਿਖਿਆ ਹੋਇਆ ਹੈ, “ਜੇ. ਐੱਨ. ਯੂ. ਵਿਚ ਇਕ ਵਿਦਿਆਰਥੀ ਅਤੇ ਦਿੱਲੀ ਵਿਚੋਂ ਇਕ ਸਾਬਕਾ ਪ੍ਰੋਫੈਸਰ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਉੱਤੇ ‘ਦੇਸ਼-ਧ੍ਰੋਹ’ ਦੇ ਦੋਸ਼ ਲਗਾਏ ਜਾਣੇ, ਇਕ ਹਿੰਦੂ ਰਾਸ਼ਟਰਵਾਦੀ ਸਰਕਾਰ ਦੇ ਹੈਂਕੜਬਾਜ਼ ਹੋ ਜਾਣ ਦੀ ਸੱਜਰੀ ਮਿਸਾਲ ਹੈ....।” ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਗ਼੍ਰਿਫ਼ਤਾਰੀਆਂ ਦੀ ਵਜ੍ਹਾ ਤਾਂ ਅਸਪੱਸ਼ਟ ਹੈ ਹੀ, ਵਿਦਿਆਰਥੀਆਂ ਨੇ ਇਸ ਸਬੰਧ ਵਿਚ ਦੇਸ਼ ਭਰ ਵਿਚ ਰੋਹ ਭਰੇ ਮੁਜ਼ਾਹਰੇ ਵੀ ਕੀਤੇ ਹਨ।
‘ਇਨ ਇੰਡੀਆ, ਦਾ ਵਰੀਸਮ ਨੈਸ਼ਨਲਿਜ਼ਮ ਔਫ ਮੋਦੀ’ (ਭਾਰਤ ਵਿਚ ਮੋਦੀ ਦਾ ਚਿੰਤਾਜਨਕ ਰਾਸ਼ਟਰਵਾਦ) ਸਿਰਲੇਖ ਅਧੀਨ ਲਿਖੇ ਗਏ ਇਸ ਲੇਖ ਵਿਚ ‘ਹਿੰਦੂ ਰਾਸ਼ਟਰਵਾਦੀਆਂ ਵੱਲੋਂ ਭਾਰਤੀ ਝੰਡੇ ਦੀ ਰਾਖੀ ਕਰਨ ਲਈ’ ਕੀਤੇ ਗਏ ਹੀਲੇ ਨੂੰ ‘ਸਵੈਵਿਰੋਧੀ’ ਕਰਾਰ ਦਿੱਤਾ ਗਿਆ ਹੈ।ਇਸ ਲੇਖ ਵਿਚ ਇੱਥੋਂ ਤਕ ਲਿਖਿਆ ਹੋਇਆ ਹੈ ਕਿ ਇਨ੍ਹਾਂ ਲੋਕਾਂ ਜਾਂ ਸੰਗਠਨਾਂ ਵੱਲੋਂ ‘ਰਾਸ਼ਟਰ ਦੇ ਰਾਖੇ ਦਿਸਣ’ ਲਈ ਕੀਤੀਆਂ ਜਾਂਦੀਆਂ ਅਜਿਹੀਆਂ ਕੋਸ਼ਿਸ਼ਾਂ ‘ਮਸ਼ਕੂਕ’ ਸਨ ਕਿਉਂ ਕਿ ਉਹ, ‘ਅਜ਼ਾਦੀ ਪ੍ਰਾਪਤੀ ਤੋਂ ਲੈ ਕੇ, ਭਾਰਤੀ ਜਮਹੂਰੀਅਤ ਦੇ ਥੰਮਾਂ ਵਿਚ ਵਿਚ ਸ਼ੁਮਾਰ ਕੀਤੀ ਜਾਂਦੀ ਧਰਮ ਨਿਰਪੱਖਤਾ ਨੂੰ ਢਾਹ ਲਾਉਣ ਦੇ ਹੀਲੇ ਕਰਨ ਵਿਚ ਲੱਗੇ ਰਹੇ ਹਨ। ਇਸ ਨੁਕਤਾਚੀਨੀ ਨੂੰ ਇੱਥੋਂ ਤਕ ਲਿਆ ਕੇ ਵੀ ਦਮ ਨਾ ਲੈਂਦਿਆਂ ਸੰਪਾਦਕ ਨੇ ਇਹ ਵੀ ਲਿਖ ਦਿੱਤਾ ਕਿ ਜੇ. ਐੱਨ. ਯੂ. ਦੇ ਵਿਦਿਆਰਥੀ ਆਗੂ ਕਨੰ੍ਹਈਆ ਕੁਮਾਰ ਅਤੇ ਇਕ ਅਧਿਆਪਕ ਨੂੰ ਹਿਰਾਸਤ ਵਿਚ ਲੈਣ ਲਈ ਬਸਤੀਵਾਦੀ ਯੁੱਗ ਦੇ ਉਸ ਕਾਨੂੰਨ ਦੀ ਵਰਤੋਂ ਕੀਤੀ ਗਈ ਹੈ, ਜਿਸ ਅਧੀਨ ਕਦੇ ਮਹਾਤਮਾ ਗਾਂਧੀ ਨੂੰ ਹਿਰਾਸਤ ਵਿਚ ਲਿਆ ਜਾਂਦਾ ਸੀ। ਸੰਪਾਦਕ ਨੇ ਇਹ ਗੱਲ ‘ਅਜੀਬ’ ਕਰਾਰ ਦਿੱਤੀ ਹੈ।
ਮੁੱਕਦੀ ਗੱਲ ਇਹ ਕਿ ਇਸ ਅਖ਼ਬਾਰ ਦੇ ਸੰਪਾਦਕ ਨੇ ਆਪਣੇ ਇਸ ਲੇਖ ਵਿਚ ਮੋਦੀ ਸਰਕਾਰ ਦੇ ਆਹੂ ਲਾਹੇ ਹੋਏ ਹਨ।
*****
ਬਿਹਾਰ ਦੇ ਪਟਨਾ ਸ਼ਹਿਰ ਤੋਂ ਖ਼ਬਰ ਆਈ ਹੈ ਕਿ ਸੀਤਾ ਦੀ ਦੁਰਗਤ ਕਰਨ ਦੇ ਮਾਮਲੇ ਵਿਚ, ਸੀਤਾਮੜੀ ਦੀ ਇਕ ਅਦਾਲਤ ਭਗਵਾਨ ਰਾਮ ਚੰਦਰ ਅਤੇ ਉਨ੍ਹਾਂ ਦੇ ਭਰਾ ਲਛਮਣ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਾਏ ਜਾਣ ਤੋਂ ਅੱਠ ਦਿਨ ਬਾਅਦ ਹੀ ਹਨੂਮਾਨ ਭਗਵਾਨ ਨੂੰ ਵੀ ਅਦਾਲਤੀ ਨੋਟਿਸ ਭੇਜ ਦਿੱਤਾ ਗਿਆ ਹੈ। ਜ਼ਿਲਾ ਬੇਗੂਸਰਾਏ ਵਿਚ ‘ਬਜਰੰਗ ਬਲੀ’ ਨੂੰ ਇਹ ਨੋਟਿਸ, ਨਜਾਇਜ਼ ਕਬਜ਼ੇ ਦੇ ਇਕ ਕੇਸ ਅਧੀਨ ਜਾਰੀ ਕੀਤਾ ਗਿਆ ਹੈ। ਲੋਹੀਆ ਨਗਰ ਇਲਾਕੇ ਵਿਚ ਸੜਕ ਦੇ ਕੰਢੇ ਬਣਿਆ ਹੋਇਆ ਇਕ ਮੰਦਰ, ‘ਪੌਣ-ਪੁੱਤ’ ਨੂੰ ਨੋਟਿਸ ਮਿਲਣ ਦਾ ਸਬੱਬ ਬਣਿਆ ਹੋਇਆ ਹੈ।
ਇਹ ਨੋਟਿਸ ਜਾਰੀ ਕਰਦਿਆਂ ਸਰਕਲ ਅਧਿਕਾਰੀ ਨੇ ਹੁਕਮ ਦਿੱਤਾ ਹੈ ਕਿ ਸੜਕ ਦੇ ਕੰਢੇ ਬਣਾਇਆ ਹੋਇਆ ਇਹ ਮੰਦਰ ਢਾਹ ਦਿੱਤਾ ਜਾਵੇ ਕਿਉਂ ਕਿ ਇਸ ਨਾਲ਼ ਸੜਕ ਉੱਤੇ ਆਵਾਜਾਈ ਵਿਚ ਅੜਿੱਕਾ ਪੈਂਦਾ ਹੈ।
ਜੈ ਭਗਤਾਂ ਦੀ ਸਰਕਾਰ ਦੀ, ਜੈ ਸਰਕਾਰ ਦੇ ਭਗਵਾਨਾਂ ਦੀ!#
No comments:
Post a Comment