ਬਖ਼ਸ਼ਿੰਦਰੀਆਂ-4


ਬਲਾਤਕਾਰ ਦੀ ਕਾਨੂੰਨੀ ਖੁੱਲ੍ਹ ਦੇਣ ’ਤੇ ਜ਼ੋਰ

ਨਿਊ ਜ਼ੀਲੈਂਡ ਸਮੇਤ ਜਹਾਨ ਦੇ ਕਈ ਮੁਲਕਾਂ ਵਿਚ ਮਰਦਾਂ ਦਾ ਇਕ ਇਹੋ ਜਿਹਾ ਗਰੁੱਪ ਸਥਾਪਤ ਕੀਤਾ ਗਿਆ ਹੈ, ਜਿਸ ਦੇ ਮੈਂਬਰ ਇਹ ਸਮਝਦੇ ਹਨ ਕਿ ਕਿਸੇ ਵੀ ਨਿੱਜੀ ਥਾਂ ਵਿਖੇ ਬਲਾਤਕਾਰ ਕਰਨ ਦੀ ਕਾਨੂੰਨੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ। ‘ਰਿਟਰਨ ਆਫ ਕਿੰਗਜ਼’ ਨਾਂ ਦੇ ਇਸ ਗਰੁੱਪ ਦੀਆਂ ਮੀਟਿੰਗਾਂ, 6 ਫਰਵਰੀ ਨੂੰ ਜਹਾਨ ਭਰ ਵਿਚ 44 ਥਾਈਂ ਹੋਣੀਆਂ ਮਿੱਥੀਆਂ ਗਈਆਂ ਸਨ, ਪਰ ਇਸ ਗਰੁੱਪ ਦੇ ਆਗੂ ਦਰਯੂਸ਼ ‘ਰੂਸ਼’ ਵਲੀਜ਼ਾਦੇ ਵੱਲੋਂ ਇਸ ਗਰੁੱਪ ਦੇ ਏਜੰਡੇ ਦੇ ਸਬੰਦ ਵਿਚ ਦਿੱਤੇ ਗਏ ਬਿਆਨਾਂ ਤੋਂ ਜਹਾਨ ਭਰ ਵਿਚ, ਇਹ ਮੀਟਿੰਗਾਂ ਕਰਨ ਦਾ ਵਿਰੋਧ ਕੀਤਾ ਗਿਆ, ਜਿਸ ਕਰ ਕੇ ਇਹ ਮੀਟਿੰਗਾਂ ਕਰਨ ਦਾ ਫੈਸਲਾ ਸਿਰੇ ਨਾ ਚੜ੍ਹਾਇਆ ਗਿਆ। 
ਇਸ ਗਰੁੱਪ ਦੀ ਵੈੱਬਸਾਈਟ ਉੱਤੇ ਇਸ ਗਰੁੱਪ ਦਾ ਏਜੰਡਾ ਦਰਜ ਕੀਤਾ ਹੋਇਆ ਹੈ, ਜਿਸ ਵਿਚ ਇਹ ਗੱਲ ਬਹੁਤ ਉਭਾਰ ਕੇ ਕਹੀ ਹੋਈ ਹੈ ਕਿ ਕਿਸੇ ਔਰਤ ਦੀ ਕਦਰ ਉਸ ਦੀ, ਬੱਚੇ ਪੈਦਾ ਕਰਨ ਦੀ ਸਮਰੱਥਾ ਅਤੇ ਉਸ ਦੀ ਸੁੰਦਰਤਾ ’ਤੇ ਹੀ ਨਿਰਭਰ ਹੈ। ਔਰਤਾਂ ਵਿਚ ਆਈ ਨਵੀਂ ਜਾਗ੍ਰਿਤੀ ਨੇ ਪਰਿਵਾਰ ਦਾ ਬੇੜਾ ਗ਼ਰਕ ਕਰ ਦਿੱਤਾ ਹੈ। ਇਸ ਏਜੰਡੇ ਵਿਚ ਇਹ ਲਿਖਿਆ ਹੋਇਆ ਹੈ, “ਔਰਤਾਂ ਅਤੇ ਸਮਲਿੰਗੀਆਂ ਨੂੰ ਇਸ ਗਰੁੱਪ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਤੋਂ ਰੋਕਿਆ ਜਾਵੇ, ਪਰ ਜੇ ਕੋਈ ‘ਸੁਹਣੀ ਕੁੜੀ’ ਆ ਹੀ ਜਾਵੇ ਤੇ ਮੀਟਿੰਗ ਵਿਚ ਸ਼ਾਮਲ ਹੋਣ ਦਾ ਹੀਲਾ ਕਰੇ ਤਾਂ ਗਰੁੱਪ ਦੇ ਮੈਂਬਰ ਉਸ ਤੋਂ ਉਸ ਦਾ ਫੋਨ ਨੰਬਰ ਲੈ ਕੇ, ਉਸ ਨੂੰ ਦਫ਼ਾ ਕਰ ਦੇਣ।” 
ਵਲੀਜ਼ਾਦੇ ਨੇ ਹਾਲ ਹੀ ਵਿਚ ‘ਟਵਿੱਟਰ’ ਉੱਤੇ ਦਰਜ ਕੀਤੀ ਆਪਣੀ ਟਿੱਪਣੀ ਵਿਚ ਏਦਾਂ ਲਿਖਿਆ ਸੀ, “ਮੈਂ ਇਨ੍ਹਾਂ ਮੀਟਿੰਗਾਂ ਦੇ ਸਬੰਧ ਵਿਚ ਆਸਟਰੇਲੀਆ ਜਾ ਰਿਹਾ ਹਾਂ।18 ਤੋਂ 22 ਸਾਲ ਦੀਆਂ ਸਾਰੀਆਂ ਆਸਟਰੇਲੀਆਈ ਕੁੜੀਆਂ ਸੁਣ-ਸਮਝ ਲੈਣ ਕਿ ਮੈਂ ਉਨ੍ਹਾਂ ਦੇ ਮੁਲਕ ਆ ਰਿਹਾ ਹਾਂ ਤੇ ਮੇਰੇ ਨਾਲ਼ ਸ਼ਰਾਬ ਪੀਣ ਦੇ ਨਾਲ਼-ਨਾਲ਼ ਮੁਲਾਕਾਤ ਕਰ ਸਕਦੀਆਂ ਹਨ।” ਇਹ ਮੀਟਿੰਗਾਂ ਹੋਣ ਤੋਂ ਰੋਕਣ ਲਈ ਇਕ ਰਾਤ ਵਿਚ ਇਕ ਪਟੀਸ਼ਨ ਉੱਪਰ ਵੀਹ ਹਜ਼ਾਰ ਲੋਕਾਂ ਨੇ ਦਸਤਖ਼ਤ ਕੀਤੇ ਸਨ।
ਇਸ ਸਬੰਧ ਵਿਚ ਹੋਰ ਤਾਂ ਕੀ ਕਹਿਣਾ, ਇੰਨਾ ਜ਼ਰੂਰ ਕਹਾਂਗਾ ਕਿ ਵਲੀਜ਼ਾਦੇ ਦੀ ਆਪਣੀ ਕੋਈ ਭੈਣ ਨਹੀਂ ਹੋਵੇਗੀ ਤੇ ਉਹ ਵਲੀਜ਼ਾਦਾ ਹੈ ਜਾਂ ਨਹੀਂ, ‘ਹਰਾਮਜ਼ਾਦਾ’ ਜ਼ਰੂਰ ਹੈ।  
**** 
ਪਿਆਰ, ਇਸ਼ਕ ਜਾਂ ਮੁਹੱਬਤ ਬਹੁਤ ਹੀ ਪਾਕ-ਸਾਫ਼ ਜਜ਼ਬਾ ਸਮਝਿਆ ਜਾਂਦਾ ਹੈ, ਪਰ ਅੱਜ-ਕੱਲ੍ਹ ਇਹ ਜਜ਼ਬਾ ਵੀ ਵਪਾਰ-ਕਾਰੋਬਾਰ ਬਣਾ ਦਿੱਤਾ ਗਿਆ ਹੈ। ਪਿਛਲੇ ਕੁੱਝ ਸਮੇਂ ਤੋਂ ਕਾਮਸੂਤਰ ਦੀ ਧਰਤੀ ਭਾਰਤ ਦੇ ਲੋਕ ਦੋ ਹਿੱਸਿਆਂ ਵਿਚ ਵੰਡੇ ਹੋਏ ਹਨ ਅਤੇ ੳੇਹ ਦੋਵੇਂ ਧੜੇ ਵਿਚਾਰਧਾਰਕ ਰੱਸਾਕਸ਼ੀ ਕਰ ਰਹੇ ਹਨ। ਇਨ੍ਹਾਂ ਵਿਚੋਂ ਇਕ ਧੜਾ ਸੈਕਸ ਯਾਨੀ ਕਾਮ ਸਬੰਧੀ ਸਰਗਰਮੀਆਂ ਪ੍ਰਤੀ ਖੁੱਲ਼ਦਿਲੀ ਨਾਲ਼ ਪੇਸ਼ ਆਉਣ ਦਾ ਹਮਾਇਤੀ ਹੈ ਜਦੋਂ ਕਿ ਦੂਜੀ ਧਿਰ ਇਨ੍ਹਾਂ ਸਰਗਰਮੀਆਂ ਬਾਰੇ ਗੱਲ ਕਰਨ ਖ਼ਾਤਰ ਮੂੰਹ ਖੋਲ੍ਹਣ ਲਈ ਵੀ ਤਿਆਰ ਨਹੀਂ ਹੈ। ਇਸ ਦੇ ਬਾਵਜੂਦ ਇਸ਼ਕ-ਮੁਹੱਬਤ ਨੂੰ ਵਪਾਰ ਬਣਾਉਣ ਲਈ ਕੁੱਝ ਲੋਕ, ‘ਜਿਨਸੀ ਤੰਦਰੁਸਤੀ’ ਦੇ ਉਹਲੇ ਮੈਦਾਨ ਵਿਚ ਨਿੱਤਰ ਚੁੱਕੇ ਹਨ। ਅਜਿਹੇ ਲੋਕਾਂ ਵਿਚ ਹੀ ਬਾਲਾਜੀ ਟੀ ਵਿਜਯਨ ਅਤੇ ਉਸ ਦੀ ਸਾਥਣ ਉਤੇ ਵੀਮਰ ਸ਼ਾਮਲ ਹਨ। ਇਨ੍ਹਾਂ ਦੋਹਾਂ ਸਰੀਰਾਂ ਨੇ ਲੋਕਾਂ ਦੇ ਸਰੀਰਾਂ ਨੂੰ ਇਸ਼ਕ, ਪਿਆਰ-ਮੁਹੱਬਤ ਕਰਨ ਜੋਗੇ ਕਰਨ ਲਈ ‘ਈ-ਕਾਮਰਸ’ ਯਾਨੀ ਇਲੈਕਟਰਾਨਿਕੀ ਕਾਰੋਬਾਰ ਦਾ ਸਹਾਰਾ ਲਿਆ ਹੈ। ਇਹ ਦੋਵੇਂ ਜਣੇ ਤੇ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਲੋਕ, ਲੋਕਾਂ ਦਾ ‘ਆਸ਼ਕਾਨਾ ਇਲਾਜ’ ਹੀ ਨਹੀਂ ਕਰਦੇ, ਸਗੋਂ ਉਹ ਉਨ੍ਹਾਂ ਨੂੰ ‘ਸੈਕਸਪੀਰੇਸ਼ਨ’ ਯਾਨੀ ‘ਕਾਮੁਤਸ਼ਾਹ’ ਵੀ ਦਿੰਦੇ ਹਨ।
ਬਾਲਾਜੀ ਨੂੰ ਇਸ ਕੰਮ ਦਾ ਫ਼ੁਰਨਾ, ਐਮਸਟਰਡਮ ਵਿਚ ਆਪਣੇ ਸਾਥੀ ਵਪਾਰੀਆਂ ਨਾਲ਼ ਇਕ ‘ਸੈਕਸ ਸ਼ਾਪ’ ਦਾ ਗੇੜਾ ਮਾਰਨ ਦੌਰਾਨ ਫ਼ੁਰਿਆ ਤੇ ਉਸ ਨੇ ਭਾਰਤ ਵਿਚ ਇਹ ਕਾਰੋਬਾਰ ਚਲਾਉਣ ਦੀਆਂ ਸੰਭਾਵਨਾਵਾਂ ਤਲਾਸ਼ਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਕਿ ਜਰਮਨੀ ਤੋਂ ਆਈ ਹੋਈ, 24 ਸਾਲਾਂ ਦੀ ਮੁਟਿਆਰ ਉਤੇ ਵੀਮਰ ਨੇ ਬੰਗਲੌਰ ਵਿਚ ਦੇਖਿਆ ਕਿ ਉੱਥੇ ਨਵੇਂ ਜ਼ਮਾਨੇ ਦੀਆਂ ਬੰਗਲੌਰਨਾਂ ‘ਇਸ਼ਕਪੇਚਿਆਂ’ ਬਾਰੇ ਬਹੁਤ ਖੁੱਲ੍ਹ ਕੇ ਗੱਲਾਂ ਕਰਦੀਆਂ ਹਨ। ਇਹ ਔਰਤਾਂ ਜਿਨਸੀ ਖਿਡਾਉਣੇ ਵੀ ਕਿਸੇ ਆਉਂਦੇ-ਜਾਂਦੇ ਰਾਹੀਂ ਵਿਦੇਸ਼ ਤੋਂ ਮੰਗਵਾਉਣ ਦਾ ਜੁਗਾੜ ਕਰ ਲਿਆ ਕਰਦੀਆਂ ਸਨ। ਇਸ ਦੇ ਨਾਲ਼ ਹੀ ਉਤੇ ਵੀਮਰ ਨੇ ਦੇਖਿਆ ਕਿ ਇਨ੍ਹਾਂ ਬੀਬੀਆਂ ਨੂੰ ਕਾਫੀ ਕੁੱਝ ਹੋਰ ਦੇਣ ਦੀ ਲੋੜ ਤੇ ਗੁੰਜਾਇਸ਼ ਵੀ ਹੈ।2014 ਵਿਚ ਬਾਲਾਜੀ ਅਤੇ ਉਤੇ ਵੀਮਰ ਦੀ ਆਪਸੀ ਮੁਲਾਕਾਤ ਹੀ ਨਹੀਂ ਹੋਈ, ਉਨ੍ਹਾਂ ਦੇ ਨਵੇਂ ਕਾਰੋਬਾਰ ਦਾ ਆਗ਼ਾਜ਼ ਵੀ ਹੋ ਗਿਆ।ਇਸ ਕਾਰੋਬਾਰ ਦੇ ਸਬੰਧ ਵਿਚ ਉਤੇ ਦਾ ਇਹ ਕਹਿਣ ਹੈ, “ਇਸ ਕੰਮ ਵਿਚ, ਅਸੀਂ ਜਿਹੜਾ ਮਾਲ ਤੇ ਜਾਣਕਾਰੀ ਅਸੀਂ ਦਿੰਦੇ ਹਾਂ, ਉਹ ਭਾਰਤ ਵਿਚ ਮੂਲ਼ੋਂ ਹੀ ਨਵੀਂ ਹੈ। ਅਸੀਂ ਪਹਿਲੀ ਵਾਰੀ ਇਹ ‘ਤੰਦਰੁਸਤੀ’ ਲੈਣ ਲਈ ਔਰਤਾਂ ਨੂੰ ਵੀ ਪ੍ਰੇਰਿਆ ਹੈ। ਇਸ ਜਾਣਕਾਰੀ ਦਾ ਇਲਮ ਜੋੜਾ ਹਾਸਲ ਕਰੇ ਤਾਂ ਕਮਾਲ ਹੀ ਹੋ ਜਾਂਦਾ ਹੈ।ਸਾਡੇ ਵੱਲੋਂ ਦਿੱਤੀ ਜਾਂਦੀ ਜਾਣਕਾਰੀ, ਸਾਡੇ ਗਾਹਕਾਂ ਦੀਆਂ ਸੁੱਤੀਆਂ ਕਲਾਂ ਹੀ ਨਹੀਂ ਜਗਾਉਂਦੀ, ਸਗੋਂ ਉਨ੍ਹਾਂ ਦਾ ਆਪਣੇ ਜਿਸਮਾਂ ਅਤੇ ਜਿਸਮਾਨੀ ਸਬੰਧਾਂ ਵਿਚ ਵੀ ਨਵਾਂ ਭਰੋਸਾ ਜਾਗ ਉੱਠਦਾ ਹੈ।” 
ਲਓ ਜੀ ‘ਇਸ਼ਕ ਦੇ ਰੋਗ’ ਹੋਣ ਬਾਰੇ ਤਾਂ ਸੁਣਿਆ ਸੀ, ਪਰ ਇਸ ਦੇ ਇਲਾਜ ਲਈ ਹਸਪਤਾਲ ਵੀ ਖੁੱਲ੍ਹ ਜਾਣਗੇ, ਇਹ ਹੁਣ ਸੁਣ ਲਿਆ।
****
ਇਸ ਸਾਲ 22 ਜਨਵਰੀ ਨੂੰ ਪੱਛਮੀ ਮੁੰਬਈ ਵਿਚ ਪੈਂਦਾ ‘ਮੁੰਬਈ ਸੈਂਟਰਲ’ ਸਟੇਸ਼ਨ, ਭਾਰਤ ਦਾ ਪਹਿਲਾ ਇਹੋ ਜਿਹਾ ਰੇਲਵੇ ਸਟੇਸ਼ਨ ਬਣ ਗਿਆ ਹੈ, ਜਿਸ ਵਿਚ ਗੂਗਲ ਵੱਲੋਂ ਤੇਜ਼ ਰਫ਼ਤਾਰ ਵਾਈ ਫਾਈ ਇੰਟਰਨੈੱਟ ਮੁਫ਼ਤ ਕੁਨੈਕਸ਼ਨ ਮੁਫ਼ਤ ਮਿਲਣ ਲੱਗ ਪਿਆ ਹੈ। ਇਸ ਸਟੇਸ਼ਨ ਤੋਂ ਹਰ ਰੋਜ਼ ਸਫ਼ਰ ਕਰਨ ਵਾਲ਼ੇ ਇਕ ਲੱਖ ਲੋਕ ਇਸ ਮੁਫ਼ਤ ਸਹੂਲਤ ਦਾ ਫ਼ਾਇਦਾ ਉਠਾ ਸਕਣਗੇ।
****
ਪਿਛਲੇ ਦਿਨੀਂ ਅਸੀਂ ਭਾਰਤ ਵਾਸੀਆਂ ਨੇ ਭਾਰਤ ਮਾਤਾ ਦੇ ਜੂੜੇ ਵਿਚ ਇਕ ਹੋਰ ਗੁਲਾਬ ਟੁੰਗ ਦਿੱਤਾ ਹੈ। ਇਹ ਗੱਲ ਇਸੇ ਮਹੀਨੇ (ਫਰਵਰੀ) ਦੀ 3 ਤਾਰੀਖ਼ ਦੀ ਹੈ। ਦੇਸ਼ ਦੇ ‘ਇਲੈਕਟਰਾਨਿਕ ਧੁਰੇ’ ਯਾਨੀ ਬੰਗਲੌਰ ਸ਼ਹਿਰ ਵਿਚ ਅਸੀਂ ਨਸਲਵਾਦ ਦਾ ਹੀ ਨਹੀਂ, ਬੁਰਛਾਗ਼ਰਦੀ ਦਾ ਵੀ ਉਹ ਮੁਜ਼ਾਹਰਾ ਕੀਤਾ ਕਿ ਸ਼ਰਮ-ਹਯਾ ਨਾਂ ਦੀ ਤਿਤਲੀ ਨੂੰ ਕਿਤੇ ਲੁਕਣ ਨੂੰ ਥਾਂ ਨਾ ਮਿਲੀ।
ਇਸ ਘਟਨਾ ਵਿਚ ਨੰਗੀ ਕਰ ਕੇ ਭਜਾਈ ਗਈ, 21 ਸਾਲਾ ਤਨਜ਼ਾਨੀਅਨ ਮੁਟਿਆਰ ਨੇ ਭਾਰਤੀ ਪੁਲੀਸ ਨੂੰ ਦੱਸਿਆ ਕਿ ਲੋਕਾਂ ਦੇ ਹਜੂਮ ਨੇ ਉਸ ਨੂੰ, ਉਸ ਦੀ ਕਾਰ ਵਿਚੋਂ ਬਾਹਰ ਹੀ ਨਹੀਂ ਧੂੁਹ ਲਿਆ, ਸਗੋਂ ਉਸ ਦੀਆਂ ਅੱਖਾਂ ਦੇ ਸੌਹੇਂ ਉਸ ਦੀ ਕਾਰ ਨੂੰ ਵੀ ਅੱਗ ਲਾ ਕੇ ਲਟ-ਲਟ ਬਾਲ਼ ਸੁੱਟਿਆ।ਉਸ ਤੋਂ ਮਗਰੋਂ ਲੋਕਾਂ ਨੇ ਉਸ ਉਹ ਕੁੱਟਿਆ ਕਿ ਰਹੇ ਰੱਬ ਦਾ ਨਾਂ। ਉਸ ਦੇ ਜਿਸਮ ਨਾਲ਼ ਖੇਡਿਆ ਗਿਆ, ਉਸ ਦੇ ਕੱਪੜੇ ਪਾੜ-ਪਾੜ ਲਾਹੇ ਗਏ ਤੇ ਉਸ ਦੇ ਨੰਗੇ-ਪਿੰਡੇ ਜਲੂਸ ਕੱਢਿਆ ਗਿਆ।
ਇਕ ਪੁਲੀਸ ਕਾਂਸਟੇਬਲ ਮੌਕੇ ’ਤੇ ਹਾਜ਼ਰ ਸੀ, ਪਰ ਉਸ ਦਾ ਹੌਸਲਾ ਨਾ ਪਿਆ ਕਿ ਉਹ, ਉਸ ਕੁੜੀ ਨੂੰ ਲੋਕਾਂ ਤੋਂ ਛੁਡਾਵੇ। ਘਟਨਾ ਵਾਲ਼ੇ ਦਿਨ, ਬਿਜ਼ਨੈੱਸ ਮੈਨੇਜਮੈਂਟ ਦੀ ਇਹ ਵਿਦਿਆਰਥਣ, ਗਣਪਤੀ ਨਗਰ ਦੇ ਨੇੜਿਓਂ ਆਪਣੀ ਕਾਰ ਵਿਚ ਸਵਾਰ ਹੋ ਕੇ ਉਦੋਂ ਲੰਘ ਰਹੀ ਸੀ, ਜਦੋਂ ਇਸ ਤੋਂ ਅੱਧਾ ਕੁ ਘੰਟਾ ਪਹਿਲਾਂ ਇਕ ਸ਼ਰਾਬੀ ਸੁਡਾਨੀ ਡਰਾਈਵਰ ਨੇ ਆਪਣੀ ਗੱਡੀ, ਇਕ ਔਰਤ ਵਿਚ ਮਾਰੀ ਤੇ ਉਸ ਨੂੰ ਥਾਏਂ ਮਾਰ ਸੁੱਟਿਆ ਸੀ।ਇਸ ਗੱਲੋਂ ਭੜਕੇ ਹੋਏ ਲੋਕਾਂ ਨੇ ਉਸ ਡਰਾਈਵਰ ਨੂੰ ਫੜ ਕੇ ਕੁੱਟਿਆ ਤੇ ਉਸ ਦੀ ਕਾਰ ਨੂੰ ਅੱਗ ਲਾ ਦਿੱਤੀ। ਇੰਨੇ ਵਿਚ ਉਹ ਡਰਾਈਵਰ ਫਰਾਰ ਹੋ ਗਿਆ। ਇੰਨੇ ਵਿਚ ਇਹ ਤਨਜ਼ਾਨੀਅਨ ਕੁੜੀ ਆਪਣੀਆਂ ਸਹੇਲੀਆਂ ਨਾਲ਼ ਆਪਣੀ ਕਾਰ ਵਿਚ ਉੱਥੇ ਪਹੁੰਚ ਗਈ। ਮੌਕੇ ’ਤੇ ਮੌਜੂਦ ਲੋਕਾਂ ਦੇ ਕਹਿਣ ਮੁਤਾਬਕ, ਜਦੋਂ ਭੀੜ ਨੇ ਅਫ਼ਰੀਕੀ ਵਿਦਿਆਰਥੀਆਂ ਨਾਲ਼ ਭਰੀ ਇਹ ਕਾਰ ਦੇਖੀ ਤਾਂ ਉਹ ਉਸ ਕਾਰ ਨੂੰ ਵੀ ਟੁੱਟ ਕੇ ਪੈ ਗਏ।
ਇਸ ਕੁੜੀ ਨੇ ਦੌੜ ਕੇ ਇਕ ਬੱਸ ਵਿਚ ਚੜ੍ਹਨ ਦਾ ਹੀਲਾ ਕੀਤਾ, ਪਰ ਬੱਸ ਮੁਸਾਫ਼ਰਾਂ ਨੇ ਉਸ ਨੂੰ ਬਾਹਰ ਧੱਕ ਦਿੱਤਾ। ਉਸ ਨੇ ਇਕ ਆਟੋ ਰਿਕਸ਼ਾ ਵਿਚ ਬੈਠਣ ਦਾ ਯਤਨ ਕੀਤਾ, ਪਰ ਉਸ ਨੂੰ ਚੜ੍ਹਨ ਨਹੀਂ ਦਿੱਤਾ ਗਿਆ। ਉਹ ਅਲਫ਼ ਨੰਗੀ ਦੌੜੀ ਜਾ ਰਹੀ ਸੀ। ਅਸੀਂ ਬਹੁਸਭਿਆਚਾਰੀ ਮੁਲਕ ਦੇ ਲੋਕ, ਜੋ ਦੂਜੇ ਸਭਿਆਚਾਰਾਂ ਤੇ ਬੇਗਾਨੀਆਂ ਧੀਆਂ-ਭੈਣਾਂ ਦਾ ਮਾਣ ਕਰਨ ਲਈ ਮਸ਼ਹੂਰ ਸਾਂ, ਕਿਹੋ ਜਿਹਾ ਬਦਨਾਮੀਆਂ ਖੱਟਣ ਦਾ ਸਭਿਆਚਾਰ ਸਹੇੜੀ ਜਾ ਰਹੇ ਹਾਂ!
****
ਕਿਸੇ ਜ਼ਮਾਨੇ ਵਿਚ ਕਿਸੇ ਨੇ ਕਿਸੇ ਇਨਸਾਫ਼ ਪਸੰਦ ਰਾਜੇ ਦੀ ਬਾਤ ਪਾਉਂਦਿਆਂ ਕਹਿਣਾ, “ਉਸ ਦੇ ਰਾਜ ਵਿਚ ਸ਼ੇਰ ਤੇ ਬੱਕਰੀ ਇਕੱਠੇ ਇਕ ਘਾਟ ਤੋਂ ਪਾਣੀ ਪੀਂਦੇ ਹੁੰਦੇ ਸਨ!” ਇਹ ਇਕੋ ਹੀ ਗੱਲ, ਉਸ ਬਾਦਸ਼ਾਹ ਨੂੰ ਸਰੋਤਿਆਂ ਦੀਆਂ ਅੱਖਾਂ ਅੱਗੇ ਸਾਕਾਰ ਕਰ ਦਿੰਦੀ ਹੁੰਦੀ ਸੀ।
ਹੁਣ ਕਿਸੇ ਨੇ ਰੂਸ ਦੀ ਸਿਫ਼ਤ ਕਰਦਿਆਂ ਦੱਸਿਆ ਹੈ ਕਿ ਇਕ ਰੂਸੀ ਚਿੜੀਆ ਘਰ ਵਿਚ ਇਕ ਬੱਕਰੀ, ਇਕ ਸ਼ੇਰ ਨੂੰ ਰਾਤ ਦੇ ਖਾਜੇ ਵਜੋਂ ਪੇਸ਼ ਕੀਤੀ ਗਈ।‘ਅਮੂਰ’ ਨਾਂ ਦੇ ਇਸ ਸ਼ੇਰ ਦੀ, ‘ਤਿਮੂਰ’ ਨਾਂ ਦੀ ਇਸ ਬੱਕਰੀ ਨਾਲ਼ ਦੋਸਤੀ ਹੋ ਗਈ। ਇਸ ਤੋਂ ਪਹਿਲਾਂ ਉਹ ਦੋਵੇਂ ਹੀ ਵੱਖ-ਵੱਖ ਪਿੰਜਰਿਆਂ ਵਿਚ ਰੱਖੇ ਜਾਂਦੇ ਸਨ।ਪ੍ਰਾਈਮਰਸਕੀ ਸਫਾਰੀ ਪਾਰਕ ਵਿਚ ਰੱਖੇ ਹੋਏ ਇਨ੍ਹਾਂ ਜਾਨਵਰਾਂ ਦੀ ਸਾਂਝ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਤੇ ਹੁਣ ਉਹ ਆਪਸ ਵਿਚ ਲੜ ਕੇ ਜੁਦਾ ਹੋ ਗਏ ਹਨ। ਪਿਛਲੇ ਸਾਲ ਨਵੰਬਰ ਵਿਚ ਖਾਧੀ ਜਾਣ ਲਈ ਸ਼ੇਰ ਨੂੰ ਪੇਸ਼ ਕੀਤੀ ਗਈ ਇਹ ਬੱਕਰੀ ਜੀਂਦੀ ਮੁੜ ਆਈ ਸੀ। ਉਸ ਤੋਂ ਬਾਅਦ ਇਕ ਦੂਜੇ ਦੇ ਵਿਰੋਧੀ ਸਮਝੇ ਜਾਂਦੇ ਇਹ ਜਾਨਵਰ ਆਪਸ ਵਿਚ ਖੇਡਦੇ ਨਜ਼ਰ ਆਉਂਦੇ ਰਹੇ। ਚਿੜੀਆ ਘਰ ਦੇ ਕਰਿੰਦੇ ਇਹੋ ਸਮਝਦੇ ਸਨ ਕਿ ਸ਼ੇਰ ਕਿਸੇ ਪਲ ਵੀ ਬੱਕਰੀ ਨੂੰ ਝਪੱਟਾ ਮਾਰੇਗਾ।
ਚਿੜੀਆ ਘਰ ਦੇ ਡਾਇਰੈਕਟਰ ਜਨਰਲ ਦਮਿੱਤਰੀ ਮੇਜ਼ੈਂਤਸੇਵ ਨੇ ਇਕ ਲਿਖਤੀ ਬਿਆਨ ਵਿਚ ਏਦਾਂ ਲਿਖਿਆ ਹੋਇਆ ਹੈ, “ਤਿਮੂਰ ਅੱਜ ਕੱਲ੍ਹ ਜ਼ਿਆਦਾ ਹੀ ਚ੍ਹਾਮਲ਼ੀ ਹੋਈ ਹੈ। ਕੱਲ੍ਹ ਉਸ ਨੇ ਸਿੰਗ ਮਾਰ ਕੇ ਅਮੂਰ ਨੂੰ ਟਿੱਲੇ ਤੋਂ ਰੇੜ੍ਹ ਦਿੱਤਾ, ਟੱਕਰਾਂ ਮਾਰੀਆਂ ਅਤੇ ਪਛੰਡੇ ਵੀ ਮਾਰੇ। ਫਿਰ ਸ਼ੇਰ ਨੇ  ਉੱਠ ਕੇ ਬੱਕਰੀ ਦੀ ਧੌਣ ਨੂੰ ਏਦਾਂ ਮੂੰਹ ਪਾ ਕੇ ਚੁੱਕ ਲਿਆ, ਜਿੱਦਾਂ ਉਹ ਆਪਣੇ ਬੱਚੇ ਚੁੱਕਦਾ ਹੁੰਦਾ ਹੈ। ਉਸ ਨੇ ਬੱਕਰੀ ਨੂੰ ਹਵਾ ਵਿਚ ਭੁਆ ਕੇ ਔਹ ਦੂਰ ਸੁੱਟ ਦਿੱਤਾ।” ਇਸ ਅਧਿਕਾਰੀ ਨੇ ਸ਼ੇਰ ਦੀ ਇਸ ਕਰਤੂਤ ਨੂੰ ਹਮਲਾ ਨਹੀਂ ਕਰਾਰ ਦਿੱਤਾ। ਫੇਰ ਕਰਿੰਦਿਆਂ ਨੇ ਸ਼ੇਰ ਅੱਗੇ ਇਕ ਜੀਂਦਾ ਸਹਿਆ ਪਾਇਆ, ਜੋ ਉਸ ਨੇ ਮਾਰ ਕੇ ਖਾ ਲਿਆ।
ਲੱਗਦੈ ਜਾਨਵਰ ਵੀ ਹੁਣ ਇੰਨੇ ਜਾਨਵਰ ਨਹੀਂ ਰਹੇ।#

No comments:

Post a Comment

ਖ਼ਾਕਸਾਰ

My photo
ਇਹ ਬੰਦਾ "ਪੀਪਲਜ਼ ਪਾਰਟੀ ਆਫ ਪੰਜਾਬ" ਦੇ 'ਮੀਡੀਆ ਸਲਾਹਕਾਰ' ਦਾ ਅਹੁਦਾ ਛੱਡ ਗਿਆ ਹੈ। ਇਸ ਨੇ 'ਮੌਨ ਅਵੱਸਥਾ ਦੇ ਸੰਵਾਦ' ਨਾਂ ਦਾ ਇਕ ਕਾਵਿ ਸੰਗ੍ਰਹਿ, 'ਸਭ ਤੋਂ ਗੰਦੀ ਗਾਲ਼' ਨਾਂ ਦਾ ਨਾਟਕ ਸੰਗ੍ਰਹਿ, ਲਿਖੇ ਹੋਏ ਹਨ। ਫ਼ਿਲਮਾਂ ਬਣਾਉਣ ਦੇ ਹੁਨਰ ਬਾਰੇ ਇਸ ਸ਼ਖ਼ਸ ਦੀ ਲਿਖੀ ਹੋਈ ਕਿਤਾਬ 'ਫ਼ਿਲਮਸਾਜ਼ੀ' ਪੰਜਾਬੀ ਵਿਚ ਸਿਨੇਮਾ ਬਾਰੇ ਇਕਲੌਤੀ ਕਿਤਾਬ ਹੈ। ਬੱਤੀ-ਤੇਤੀ ਸਾਲ ਪੰਜਾਬੀ ਦੇ ਕਈ ਅਖ਼ਬਾਰਾਂ ਵਿਚ ਖ਼ਬਰਾਂ ਤੇ ਫੀਚਰਾਂ ਉੱਤੇ ਕਲਮ ਵਾਹੁਣ ਦੇ ਨਾਲ-ਨਾਲ ਕਈ ਸਾਲ ਫ਼ਿਲਮਾਂ ਦੀ ਕਲਮੀ ਚੀਰ-ਫਾੜ ਕਰਦਾ ਰਿਹਾ ਇਹ ਬੰਦਾ ‘ਮਾਹੌਲ ਠੀਕ ਹੈ’, ‘ਜ਼ੋਰਾਵਰ’ ਜਿਹੀਆਂ ਫੀਚਰ ਫ਼ਿਲਮਾਂ ਅਤੇ ‘ਕੰਮੋ’ ਨਾਂ ਦੀ ਟੈਲੀ ਫ਼ਿਲਮ ਦੀਆਂ ਸਕਰਿਪਟਸ ਲਿਖ ਚੁੱਕਾ ਹੈ। ਆਕਾਸ਼ਵਾਣੀ ਦੇ ਸਾਲਾਨਾ ਨਾਟਕ ਲਿਖਣ ਮੁਕਾਬਲੇ ਵਿਚ ਇਸ ਦੇ ਰੇਡੀਓ ਨਾਟਕ ‘ਇਸ਼ਤਿਹਾਰ’ ਨੂੰ ਸੂਚਨਾ ਤੇ ਪ੍ਰਸਾਰਣ ਵਿਭਾਗ ਵਲੋਂ ਨੈਸ਼ਨਲ ਐਵਾਰਡ ਦਿੱਤਾ ਜਾ ਚੁੱਕਾ ਹੈ। 2010 ਵਿਚ ਇਸ ਨੇ ਸ਼ਹੀਦ ਬਾਬਾ ਬੂਝਾ ਸਿੰਘ ਦੇ ਜੀਵਨ ਦੇ ਆਧਾਰ ’ਤੇ ਇਕ ਫੀਚਰ ਫਿਲਮ ‘ਬਾਬਾ ਇਨਕਲਾਬ ਸਿੰਘ’ ਬਣਾਉਣ ਲਈ ਮਹੂਰਤ ਕੀਤਾ ਸੀ। ਸਕਰਿਪਟ ਲਿਖਣ ਦੇ ਨਾ਼ਲ-ਨਾਲ਼ ਫ਼ਿਲਮ ਦੇ ਡਾਇਰੈਕਸ਼ਨ ਦੀ ਜ਼ਿੰਮੇਵਾਰੀ ਵੀ ਇਸੇ ਨੂੰ ਸੌਂਪੀ ਗਈ ਸੀ। ਹੁਣ ਤਾਂ ਉਹ 'ਤੇਰੀ ਫ਼ਿਲਮ' ਨਾਂ ਦੀ ਇਕ ਹਿੰਦੁਸਤਾਨੀ ਸ਼ਾਰਟ ਫ਼ਿਲਮ ਬਣਾ ਕੇ ਤੇ ਟੋਰਾਂਟੋ ਦੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਰਿਲੀਜ਼ ਕਰ ਕੇ, ਵੱਡੇ-ਵੱਡੇ ਫ਼ਿਲਮਸਾਜ਼ਾਂ ਦੀ ਹਾਜ਼ਰੀ ਵਿਚ ਆਪਣੀ ਲਿਖਣ ਤੇ ਨਿਰਦੇਸ਼ਨ ਕਲਾ ਦੇ ਜਲਵੇ ਦਿਖਾ ਚੁੱਕਾ ਹੈ। ਹਾਲ ਹੀ ਵਿਚ ਉਹ ਇਕ ਕਾਮੇਡੀ ਫ਼ਿਲਮ ‘ਇਸ਼ਕ ਦੀ ਨਵੀਓਂ ਨਵੀਂ ਬਹਾਰ’ ਦੀ ਕਹਾਣੀ ਤੇ ਪਟਕਥਾ ਲਿਖ ਹਟਿਆ ਹੈ। ਇਸ ਦਾ ਜੇਬੀ ਫੋਨ ਨੰਬਰ : 001-778-378-9669 ਹੈ ਅਤੇ ਈ-ਮੇਲ ਸਿਰਨਾਵਾਂ bababax@gmail.com ਹੈ।

ਕੁਦਰਤੀਆਂ

ਕੁਦਰਤੀਆਂ
ਕੁਦਰਤ ਏਦਾਂ ਕਰ ਸਕਦੀ ਜੇ ਕੁਦਰਤੀਆਂ, ਆਪਾਂ ਵੀ ਕਰ ਸਕਦੇ ਹਾਂ ‘ਬਖ਼ਸ਼ਿੰਦਰੀਆਂ’

ਕੋਈ ਉਸਤਾਦ ਦੱਸੇਗਾ ਕਿ ਇਨ੍ਹਾਂ ਲਹਿਰਾਂ ਦਾ ਛੰਦ ਕਿਹੜਾ ਹੈ, ਬਹਿਰ ਕਿਹੜੀ ਹੈ

ਇਕ ਨਜ਼ਰ ਇੱਧਰ ਵੀ ਹਜ਼ੂਰ !