ਐਵੇਂ ਗੱਲਾਂ-ਗੱਲਾਂ ਵਿਚ ਗੱਲ ਫੁਰੀ ਹੈ,
ਤੇ ਅੱਗ ਦੀ ਗੱਲ ਤੁਰੀ ਹੈ।
ਅੱਗ ਵਾਂਗ ਹੀ ਇਹ ਗੱਲ,
ਜੇ ਹੋ ਗਈ ਬੇਮੁਹਾਰ,
ਬਦੋਬਦੀ ਹੀ ਹੋ ਜਾਣਾ ਹੈ
ਇਸ ਦਾ ਵਿਸਥਾਰ।
ਅੱਗ ਭਾਵੇਂ ਹੈ ਔਰਤ ਵਰਗੀ
(ਔਰਤ ਮਹਿਬੂਬਾ ਹੀ ਨਹੀਂ ਹੁੰਦੀ)
ਅੱਗ ਵਿਚ ਕਈ ਕੁੱਝ ਰਾਹਤ ਵਰਗਾ
ਕੰਜ-ਕੁਆਰੀ ਚਾਹਤ ਵਰਗਾ।
ਅੱਗ ਹੁੰਦੀ ਹੈ ਮਾਂ ਵਰਗੀ ਵੀ
ਰੱਬ ਦੇ ਸੱਚੇ ਨਾਂ ਵਰਗੀ ਵੀ
ਅੱਗ ਦਾ ਨਿੱਘ ਜਦੋਂ ਸੇਕ ’ਚ ਬਦਲੇ
ਤਾਂ ਮਤਰੇਈ ਮਾਂ ਵਰਗੀ ਵੀ।
ਜਦ ਅੱਗ ਦੀ ਰੁੱਤੇ ਫੁੱਲ ਖਿੜਦੇ ਹਨ
ਰੰਗ ਚੜ੍ਹਦੇ ਹਨ-
ਪਰ ਜ਼ਹਿਰੀਲੇ ਮੌਸਮ ਅੰਦਰ,
ਜਦ ਫੁੱਲਾਂ ’ਤੇ ਅੱਗ ਬਲਦੀ ਹੈ
ਦੂਰ ਕਿਤੇ ਫਿਰ ਅੰਦਰੋ-ਅੰਦਰੀ,
ਜਲ਼ਦੀ-ਬਲ਼ਦੀ ਕੁੱਖ ਫਲਦੀ ਹੈ
ਉੱਚੇ-ਉੱਚੇ ਧੁੱਪ ਤੋਂ ਸੱਖਣੇ
ਘੁਰਨਿਆਂ ਦੇ ਵਿਚ
ਮਾਂਗ ’ਚ ਲਾਜ ਦੀ ਰਾਖ ਧੂੜ ਕੇ
ਮਜਬੂਰੀ ਦੀ ਸੇਜਾ ਉੱਤੇ
ਅੱਗ ਲਿਟਦੀ ਹੈ।
ਅੰਗਾਂ ਵਿਚ ਇਕ ਅੱਗ ਦਬਾ ਕੇ
ਅੰਗਾਂ ਹੇਠਾਂ ਅੱਗ ਵਿਛਦੀ ਹੈ।
ਇਕ ਅੱਗ ਨੰਗ-ਧੜੰਗੀ ਫਿਰਦੀ
ਪਰ ਬਲ਼ਣੇ ਤੋਂ ਪਹਿਲਾਂ ਨਹੀਂ ਦਿਸਦੀ।
ਚੁੱਲ੍ਹੇ ਵਿਚ ਬਲ਼ਦੀ ਇਕ ਅੱਗ
ਜੀਵਨ ਨੂੰ ਉਥਲਦੀ ਅੱਗ
ਧੂੰਏਂ ਦੇ ਸੁੱਬਰ ਦੇ ਓਹਲੇ
ਦਿਸਦੀ ਨਹੀਂ ਪਰ ਬਲ਼ਦੀ ਅੱਗ
ਦੂਰ ਹਨ੍ਹੇਰਾ ਧੱਕਦੀ ਅੱਗ
ਮਾਂ ਵਰਗੀ ਹੈ
ਰੱਬ ਦੇ ਸੱਚੇ ਨਾਂ ਵਰਗੀ ਹੈ।
ਪਰ ਅੱਗ ਜੋ ਚੇਤ ਦੇ ਜੰਗਲ
ਤੇ ਕੁੱਲੀ ਦੇ ਛੱਪਰ ਦਾ ਨਾ ਅੰਤਰ ਜਾਣੇ,
ਉਸ ਮਤਰੇਈ ਮਾਂ ਨੂੰ ਕਿਹੜਾ ਮਾਂ ਦਾ ਲਾਲ ਪਛਾਣੇ?
ਚੰਗਿਆੜੀ ਜਾਂ ਹੋਵੇ ਭਾਂਬੜ
ਅੱਗ ਦਾ ਹੋਵੇ ਕੋਈ ਆਕਾਰ
ਅੱਗ ਮਤਰੇਈ ਭਾਵੇਂ ਹੋਵੇ
ਪਰ ਹੋਵੇ ਨਾ ਬਦਕਿਰਦਾਰ
ਖ਼ੈਰ ਗੱਲਾਂ-ਗੱਲਾਂ ਵਿਚ ਇਹ ਗੱਲ ਫੁਰੀ ਸੀ...
ਤੇ ਅੱਗ ਦੀ ਗੱਲ ਤੁਰੀ ਸੀ...
ਉਂਝ ਗੱਲਾਂ ਤਾਂ ਹੋਰ ਵੀ ਬੜੀਆਂ ਸਨ
ਉਂਝ ਗੱਲਾਂ ਤਾਂ ਹੋਰ ਵੀ ਬੜੀਆਂ ਹਨ।*
ਵਧੀਆ !
ReplyDelete