ਹਵਾ ਵਿਚ ਲਿਖਿਆ ਖ਼ਤ

ਚੰਡੀਗੜ੍ਹ ਦੀ ਇਕ ਕਲਪਿਤ ਕੁੜੀ ਦੇ ਨਾਂ
ਮਿੱਸ ਬਰੀਹਨ, ਤੈਨੂੰ ਸਲਾਮ !
ਤੂੰ ਕਮਾਲ ਏਂ, ਤੇਰੇ ਆਫ਼ਰੀਨ !
ਕਿਉਂ ਕਿ ਇਸ ਪਥਰੀਲੇ ਸ਼ਹਿਰ ’ਚ ਵੀ
ਤੂੰ ਰੱਖ ਸਕੀ ਏਂ
ਆਪਣਾ ਦਿਲ ਇੰਨਾ ਹੁਸੀਨ ।
ਕਮਾਲ ਨਹੀਂ ਤਾਂ ਇਹ ਹੋਰ ਕੀ ਹੈ
ਕਿ ਪਥਰੀਲੇ ਵਿਹੜੇ ਵਿਚ ਵੀ
ਤੂੰ ‘ਵਫ਼ਾ’ ਉਗਾਈ ਹੋਈ ਹੈ,
ਆਪਣੇ ਮਨ-ਮਹੱਲ ਉੱਤੇ
ਮੋਹ ਦੀ ਵੇਲ ਚੜ੍ਹਾਈ ਹੋਈ ਹੈ ।

ਮਿੱਸ ਬਰੀਹਨ !
ਮੈਂ ਤੇਰੀ ਮਹਿਫ਼ਿਲ ’ਚ
ਤੇਰੇ ‘ਖ਼ਾਸ ਸੱਦੇ’ ’ਤੇ ਹੀ ਹੋਇਆ ਸਾਂ ਸ਼ਰੀਕ,
ਭਾਵੇਂ ਤੇਰੇ ਮਹਿਮਾਨਾਂ ਦੀ ਸੂਚੀ ਵਿਚ
ਹਰ ਕਿਸੇ ਦੇ ਨਾਂ ਹੇਠਾਂ
ਖਿੱਚੀ ਹੋਈ ਸੀ ‘ਖ਼ਾਸ’ ਲੀਕ ।

ਮਿੱਸ ਬਰੀਹਨ !
ਪਤਾ ਨਹੀਂ ਕਿਉਂ
ਅੱਜ ਮੈਨੂੰ ਉਹ ਕੁੜੀ
ਵਾਰ-ਵਾਰ ਯਾਦ ਆਉਂਦੀ ਹੈ,
ਜਿਸ ਦਾ ਚਿਹਰਾ-ਮੁਹਰਾ
ਤੇਰੇ ਨਾਲ ਭੋਰਾ ਵੀ ਨਹੀਂ ਮਿਲਦਾ ਸੀ
ਤੇ ਜਿਸ ਨੇ
“ਉਸ ਲਈ, ਜੋ ਮੇਰੇ ਲਈ
ਇਕੋ-ਇਕ ਤੇ ਖ਼ਾਸੋ-ਖ਼ਾਸ ਹੈ”
ਲਿਖ ਕੇ ਦਸ ਗ੍ਰੀਟਿੰਗ ਕਾਰਡ
ਵੱਖ-ਵੱਖ ਸਰਨਾਵਿਆਂ ’ਤੇ ਭੇਜ ਦਿੱਤੇ ਸਨ ।

ਮਿੱਸ ਬਰੀਹਨ !
ਬਾਰੂਦ ਦੇ ਢੇਰ ਉੱਤੇ ਬੈਠ ਕੇ
ਘੋੜੇ ਦੀ ਪਿੱਠ ਉੱਤੇ
ਖੋਤੇ ਦੀਆਂ ਖੁਰੀਆਂ ਲਾਉਣੀਆਂ
ਮੇਰਾ ਸ਼ੌਕ ਨਹੀਂ, ਸ਼ੁਗਲ ਨਹੀਂ
ਮਜਬੂਰੀ ਸੀ,
ਪਰ ਤੇਰੀ ਮਹਿਫ਼ਿਲ ’ਚ ਇਸ ਨੂੰ
‘ਜੋਕਰ ਦੇ ਕਮਾਲ’ ਦਾ ਨਾਂ ਦਿੱਤਾ ਗਿਆ
ਤੇ ਮੈਨੂੰ ਇਸ ਕਮਾਲ ਦਾ
ਖੱਟਿਆ ਖਾਣ ਲਈ
‘ਸਰਕਸ’ ਵਿਚ ਭਰਤੀ ਹੋ ਜਾਣ ਦਾ
ਮਸ਼ਵਰਾ ਦਿੱਤਾ ਗਿਆ।

ਮਿੱਸ ਬਰੀਹਨ !
ਮੈਨੂੰ ਉਹ ਪਲ ਕਦੇ ਵੀ ਨਹੀਂ ਭੁੱਲਣੇ
ਜਦੋਂ ਤੂੰ ਕਿਹਾ ਸੀ,
“ਭੋਲ਼ੇ ਸ਼ਾਇਰ! ਇਸ ਸ਼ਹਿਰ ਦੇ
ਸਬਜ਼ ਬਾਗ਼ ਨਹੀਂ, ਸਬਜ਼ ਪੱਥਰ ਦੇਖ,
ਤੂੰ ਇਨ੍ਹਾਂ ਨੂੰ ਫੁੱਲਾਂ ਦਾ ਸੁਭਾਅ ਦੇਣ ਦਾ
ਯਤਨ ਨਾ ਕਰ।
ਦੇਖੀਂ, ਇਨ੍ਹਾਂ ਨੂੰ ਹੱਥ ਵੀ ਨਾ ਲਾਵੀਂ,
ਬੱਸ ਦੂਰੋਂ ਹੀ ਤੂੰ ਇਨ੍ਹਾਂ ਦੀ
ਤਾਰੀਫ਼ ਕਰ ।”
ਮਿੱਸ ਬਰੀਹਨ !
ਮੇਰਾ ਇਹ ਖ਼ਤ ਸ਼ਾਇਦ
ਤੈਨੂੰ ਕਦੇ ਵੀ ਨਾ ਮਿਲੇ
ਕਿਉਂ ਕਿ ਇਸ ਸ਼ਹਿਰ ਦੇ ਲੋਕ
ਅੰਡਰਵੀਅਰ ਤੋਂ ਵੀ ਪਹਿਲਾਂ
ਸਰਨਾਵਾਂ ਬਦਲ ਲੈਂਦੇ ਹਨ ।
ਇਸੇ ਹੀ ਕਾਰਨ
ਮੈਂ ਇਹ ਖ਼ਤ ਹਵਾ ਵਿਚ ਲਿਖ ਦਿੱਤਾ ਹੈ,
ਤੇ ਹਵਾ ਨੇ ਇਹ ਖ਼ਤ
ਮੇਰੇ ਅਖੌਤੀ ਦੋਸਤਾਂ ਵਿਚ ਵੰਡ ਦਿਤਾ ਹੈ ।

ਮਿੱਸ ਬਰੀਹਨ !
ਮਜ਼ਾਕ ਤੇ ਅਪਮਾਨ
ਰਲਾ ਕੇ ਵੀ ਕਿਉਂ ਨਾ ਕੀਤੇ ਜਾਣ
ਇਨ੍ਹਾਂ ਦੇ ਅਰਥ ਕਦੇ ਵੀ ਰਲਗੱਡ ਨਹੀਂ ਹੁੰਦੇ ।
ਕਿਸੇ ਦੀ ਮਜਬੂਰੀ ਨੂੰ ਲਤੀਫ਼ਾ
ਸਮਝਣ ਵਾਲੇ ਆਪਣੇ ਮਹਿਮਾਨਾਂ ਨੂੰ ਆਖੀਂ
ਕਿ ਹੱਸਣ ਦੀ ਮਸ਼ਕ ਕਰਦੇ ਰਹਿਣ,
ਕਿਤੇ ਜ਼ਿੰਦਗੀ ’ਚ ਸੱਚਮੁੱਚ ਹੱਸਣ ਵੇਲ਼ੇ
ਉਹ ਹੱਸਣਾ ਹੀ ਨਾ ਭੁੱਲ ਜਾਣ।

ਮਿੱਸ ਬਰੀਹਨ !
ਫੇਰ ਵੀ ਤੈਨੂੰ ਸਲਾਮ ! ਤੈਨੂੰ ਸਲਾਮ !!
*

No comments:

Post a Comment

ਖ਼ਾਕਸਾਰ

My photo
ਇਹ ਬੰਦਾ "ਪੀਪਲਜ਼ ਪਾਰਟੀ ਆਫ ਪੰਜਾਬ" ਦੇ 'ਮੀਡੀਆ ਸਲਾਹਕਾਰ' ਦਾ ਅਹੁਦਾ ਛੱਡ ਗਿਆ ਹੈ। ਇਸ ਨੇ 'ਮੌਨ ਅਵੱਸਥਾ ਦੇ ਸੰਵਾਦ' ਨਾਂ ਦਾ ਇਕ ਕਾਵਿ ਸੰਗ੍ਰਹਿ, 'ਸਭ ਤੋਂ ਗੰਦੀ ਗਾਲ਼' ਨਾਂ ਦਾ ਨਾਟਕ ਸੰਗ੍ਰਹਿ, ਲਿਖੇ ਹੋਏ ਹਨ। ਫ਼ਿਲਮਾਂ ਬਣਾਉਣ ਦੇ ਹੁਨਰ ਬਾਰੇ ਇਸ ਸ਼ਖ਼ਸ ਦੀ ਲਿਖੀ ਹੋਈ ਕਿਤਾਬ 'ਫ਼ਿਲਮਸਾਜ਼ੀ' ਪੰਜਾਬੀ ਵਿਚ ਸਿਨੇਮਾ ਬਾਰੇ ਇਕਲੌਤੀ ਕਿਤਾਬ ਹੈ। ਬੱਤੀ-ਤੇਤੀ ਸਾਲ ਪੰਜਾਬੀ ਦੇ ਕਈ ਅਖ਼ਬਾਰਾਂ ਵਿਚ ਖ਼ਬਰਾਂ ਤੇ ਫੀਚਰਾਂ ਉੱਤੇ ਕਲਮ ਵਾਹੁਣ ਦੇ ਨਾਲ-ਨਾਲ ਕਈ ਸਾਲ ਫ਼ਿਲਮਾਂ ਦੀ ਕਲਮੀ ਚੀਰ-ਫਾੜ ਕਰਦਾ ਰਿਹਾ ਇਹ ਬੰਦਾ ‘ਮਾਹੌਲ ਠੀਕ ਹੈ’, ‘ਜ਼ੋਰਾਵਰ’ ਜਿਹੀਆਂ ਫੀਚਰ ਫ਼ਿਲਮਾਂ ਅਤੇ ‘ਕੰਮੋ’ ਨਾਂ ਦੀ ਟੈਲੀ ਫ਼ਿਲਮ ਦੀਆਂ ਸਕਰਿਪਟਸ ਲਿਖ ਚੁੱਕਾ ਹੈ। ਆਕਾਸ਼ਵਾਣੀ ਦੇ ਸਾਲਾਨਾ ਨਾਟਕ ਲਿਖਣ ਮੁਕਾਬਲੇ ਵਿਚ ਇਸ ਦੇ ਰੇਡੀਓ ਨਾਟਕ ‘ਇਸ਼ਤਿਹਾਰ’ ਨੂੰ ਸੂਚਨਾ ਤੇ ਪ੍ਰਸਾਰਣ ਵਿਭਾਗ ਵਲੋਂ ਨੈਸ਼ਨਲ ਐਵਾਰਡ ਦਿੱਤਾ ਜਾ ਚੁੱਕਾ ਹੈ। 2010 ਵਿਚ ਇਸ ਨੇ ਸ਼ਹੀਦ ਬਾਬਾ ਬੂਝਾ ਸਿੰਘ ਦੇ ਜੀਵਨ ਦੇ ਆਧਾਰ ’ਤੇ ਇਕ ਫੀਚਰ ਫਿਲਮ ‘ਬਾਬਾ ਇਨਕਲਾਬ ਸਿੰਘ’ ਬਣਾਉਣ ਲਈ ਮਹੂਰਤ ਕੀਤਾ ਸੀ। ਸਕਰਿਪਟ ਲਿਖਣ ਦੇ ਨਾ਼ਲ-ਨਾਲ਼ ਫ਼ਿਲਮ ਦੇ ਡਾਇਰੈਕਸ਼ਨ ਦੀ ਜ਼ਿੰਮੇਵਾਰੀ ਵੀ ਇਸੇ ਨੂੰ ਸੌਂਪੀ ਗਈ ਸੀ। ਹੁਣ ਤਾਂ ਉਹ 'ਤੇਰੀ ਫ਼ਿਲਮ' ਨਾਂ ਦੀ ਇਕ ਹਿੰਦੁਸਤਾਨੀ ਸ਼ਾਰਟ ਫ਼ਿਲਮ ਬਣਾ ਕੇ ਤੇ ਟੋਰਾਂਟੋ ਦੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਰਿਲੀਜ਼ ਕਰ ਕੇ, ਵੱਡੇ-ਵੱਡੇ ਫ਼ਿਲਮਸਾਜ਼ਾਂ ਦੀ ਹਾਜ਼ਰੀ ਵਿਚ ਆਪਣੀ ਲਿਖਣ ਤੇ ਨਿਰਦੇਸ਼ਨ ਕਲਾ ਦੇ ਜਲਵੇ ਦਿਖਾ ਚੁੱਕਾ ਹੈ। ਹਾਲ ਹੀ ਵਿਚ ਉਹ ਇਕ ਕਾਮੇਡੀ ਫ਼ਿਲਮ ‘ਇਸ਼ਕ ਦੀ ਨਵੀਓਂ ਨਵੀਂ ਬਹਾਰ’ ਦੀ ਕਹਾਣੀ ਤੇ ਪਟਕਥਾ ਲਿਖ ਹਟਿਆ ਹੈ। ਇਸ ਦਾ ਜੇਬੀ ਫੋਨ ਨੰਬਰ : 001-778-378-9669 ਹੈ ਅਤੇ ਈ-ਮੇਲ ਸਿਰਨਾਵਾਂ bababax@gmail.com ਹੈ।

ਕੁਦਰਤੀਆਂ

ਕੁਦਰਤੀਆਂ
ਕੁਦਰਤ ਏਦਾਂ ਕਰ ਸਕਦੀ ਜੇ ਕੁਦਰਤੀਆਂ, ਆਪਾਂ ਵੀ ਕਰ ਸਕਦੇ ਹਾਂ ‘ਬਖ਼ਸ਼ਿੰਦਰੀਆਂ’

ਕੋਈ ਉਸਤਾਦ ਦੱਸੇਗਾ ਕਿ ਇਨ੍ਹਾਂ ਲਹਿਰਾਂ ਦਾ ਛੰਦ ਕਿਹੜਾ ਹੈ, ਬਹਿਰ ਕਿਹੜੀ ਹੈ

ਇਕ ਨਜ਼ਰ ਇੱਧਰ ਵੀ ਹਜ਼ੂਰ !