ਸਾਈ ’ਤੇ ਲਿਖਿਆ ਹੋਇਆ ਇਕ ਸਮੂਹ ਗਾਣ*

ਪੰਜਾਬ ਸਿਰ ਕਰਜ਼ੇ ਨੂੰ ਮਾਫ਼ ਕਰ ਕੇ
ਸਾਰੇ ਲੇਖੇ-ਜੋਖਿਆਂ ਨੂੰ ਸਾਫ ਕਰ ਕੇ
ਦੁੱਖਾਂ ਦਰਦਾਂ ਦਾ ਦੇਖੋ ਭਾਈਵਾਲ ਆ ਗਿਆ,
ਏਨੀ ਵਾਰ ਹਾਲ-ਚਾਲ ਪੁੱਛਣ ਪੰਜਾਬੀਆਂ ਦਾ
ਅੱਜ ਫੇਰ ਦੇਖੋ ਗੁਜਰਾਲ ਆ ਗਿਆ।
----
ਜਲਿਆਂਵਾਲ਼ੇ ਬਾਗ ਦੀ ਪੱਤ ਜਿੱਦਣ ਲੁੱਟੀ
ਓਦਣ ਮਾਂ ਗੁਜਰਾਲ ਦੀ ਇਕ ਪੱਲ ਨਾ ਸੁੱਤੀ।
ਮਾਂ ਪੁਸ਼ਪਾ ਨੇ ਓਸ ਦਿਨ ਇਕ ਖ਼ਾਬ ਸੰਜੋਇਆ,
ਨੌਂ ਮਹੀਨੇ ਬਾਅਦ ਉਨ੍ਹਾਂ ਘਰ ਪੁੱਤਰ ਹੋਇਆ।
ਉਹੀ ਪੁੱਤ ਹੁਣ ਹੁਕਮਰਾਨ ਬਣ ਕੇ
ਦੀਨ-ਦੁਖੀਆਂ ਦੀ ਕਿਰਪਾਨ ਬਣ ਕੇ
ਸਾਰੇ ਹੀ ਜਹਾਨ ਉੱਤੇ ਦੇਖੋ ਛਾ ਗਿਆ
ਏਨੀ ਵਾਰ ਹਾਲ-ਚਾਲ ਪੁੱਛਣ ਪੰਜਾਬੀਆਂ ਦਾ
ਅੱਜ ਫੇਰ ਦੇਖੋ ਗੁਜਰਾਲ ਆ ਗਿਆ।
----
ਬੇਸ਼ਕ ਕਰਜ਼ਾ ਤੂੰ ਮਾਫ਼ ਕਰਾ ਦਿੱਤਾ,
ਖ਼ਲਕਤ ਪੰਜਾਬ ਦੀ ਸਦਾ ਕਰਜਾਈ ਤੇਰੀ।
ਸਾਰੇ ਦੇਸ਼ ਲਈ ਜਿਹੜੇ ਨੇ ਰਹੇ ਲੜਦੇ
ਉਨ੍ਹਾਂ ਲਈ ’ਕੱਲੇ ਦੀ ਹੈ ਲੜਾਈ ਤੇਰੀ।
ਉਸ ਪੰਜਾਬ ਦੀ ਹੀ ਢਾਲ ਬਣ ਕੇ
ਲਟ-ਲਟ ਬਲਦੀ ਮਸ਼ਾਲ ਬਣ ਕੇ
ਚਾਨਣਾ ਚੁਫੇਰੇ ਦੇਖ ਲਓ ਫੈਲਾ ਗਿਆ।
ਏਨੀ ਵਾਰ ਹਾਲ-ਚਾਲ ਪੁੱਛਣ ਪੰਜਾਬੀਆਂ ਦਾ
ਅੱਜ ਫੇਰ ਦੇਖੋ ਗੁਜਰਾਲ ਆ ਗਿਆ।
----
ਬੱਦਲ ਉਦੋਂ ਹੀ ਗੱਜ ਕੇ ਵਰ੍ਹ ਸਕਦੈ,
ਇੰਦਰ ਦੇਵਤਾ ਜਦੋਂ ਸਹਾਈ ਹੋਵੇ।
ਬੱਦਲ ਗੱਜਦਾ ਉਦੋਂ ਹੀ ਰਹਿ ਜਾਵੇ,
ਇੰਦਰ ਦੇਵ ਜੇ ਅੱਖ ਚੁਰਾਈ ਹੋਵੇ।
ਹੋਣ ਇੰਦਰ ਤੇ ਬਾਦਲ ਜਿਸ ਥਾਂ ’ਕੱਠੇ,
ਧਰਤ ਪੰਜਾਬ ਦੀ ਕਿਉਂ ਤਿਹਾਈ ਹੋਵੇ?
ਦੱਬਿਆਂ ਨਿਤਾਣਿਆਂ ਦਾ ਤਾਣ ਬਣ ਕੇ
ਨਿਵਿਆਂ ਨਿਮਾਣਿਆਂ ਦਾ ਮਾਣ ਬਣ ਕੇ
ਨਰੈਣ ਅਵਤਾਰ ਦਾ ਏ ਲਾਲ ਆ ਗਿਆ
ਏਨੀ ਵਾਰ ਹਾਲ-ਚਾਲ ਪੁੱਛਣ ਪੰਜਾਬੀਆਂ ਦਾ
ਅੱਜ ਫੇਰ ਦੇਖੋ ਗੁਜਰਾਲ ਆ ਗਿਆ।
----
ਗਿਆਰਾਂ ਸਾਲ ਦੀ ਅੱਲ੍ਹੜ ਵਰੇਸ ਤੇਰੀ
ਮੱਥਾ ਨਾਲ ਅੰਗਰੇਜ਼ਾਂ ਦੇ ਲਾਇਆ ਸੀ।
ਸਾਲਾਂ ’ਠਾਈਆਂ ਦਾ ਹੋਇਆ ਸੀ ਤੂੰ ਮਸਾਂ
ਅੰਗਰੇਜ਼ ਕੌਮ ਨੂੰ ਮਾਰ ਭਜਾਇਆ ਸੀ।
ਤੇਰਾ ਦੇਣ ਨਹੀਂ ਦੇਸ਼ ਇਹ ਦੇ ਸਕਦਾ
ਜਿਸ ਤੋਂ ਦਾਗ਼ ਗੁਲਾਮੀ ਦਾ ਲਾਹਿਆ ਸੀ।
ਡਟ ਗਏ ਜਿਹੜੇ ਹੁਕਮਰਾਨ ਬਣ ਕੇ
ਗੋਰੇ ਚਿੱਟੇ ਬਿੱਲੇ ਤੇ ਸ਼ੈਤਾਨ ਬਣ ਕੇ
ਉਨ੍ਹਾਂ ਲਈ ਬਣ ਕੇ ਭੁਚਾਲ ਆ ਗਿਆ
ਏਨੀ ਵਾਰ ਹਾਲ-ਚਾਲ ਪੁੱਛਣ ਪੰਜਾਬੀਆਂ ਦਾ
ਅੱਜ ਫੇਰ ਦੇਖੋ ਗੁਜਰਾਲ ਆ ਗਿਆ।
----
ਕੀ ਕੋਈ ਪਾਊ ਮੁੱਲ ਤੇਰੇ ਵਲੋਂ ਕੀਤੇ ਪਰਉਪਕਾਰਾਂ ਦਾ,
ਨਤਮਸਤਕ ਹੋ ਕੇ ਬੈਠਾ ਏ, ਅੱਜ ਕਾਫਲਾ ਸਰਦਾਰਾਂ ਦਾ
ਆਪਣੀ ਮਿਹਰ ਦੀ ਇਉਂ ਹੀ ਨਜ਼ਰ ਰੱਖਣੀ,
ਪੰਜਾਬ ਕਰੇਗਾ ਤੈਨੂੰ ਪਿਆਰ ਹਰ ਪਲ।
ਲੋੜ ਪਈ ’ਤੇ ਵਾਜ ਤੂੰ ਮਾਰ ਦੇਖੀਂ,
ਪੰਜਾਬੀ ਮਿਲਣਗੇ ਤੈਨੂੰ ਤਿਆਰ ਹਰ ਪਲ।
ਸਤਿਕਾਰ ਤੇਰਾ, ਸਤਿਕਾਰ ਪੰਜਾਬੀਆਂ ਦਾ
ਇਉਂ ਹੀ ਰਹੇਗਾ ਮਾਣ ਸਤਿਕਾਰ ਹਰ ਪਲ।
ਸੁਪਨਿਆਂ ਦਾ ਤੂੰ ਸੁਲਤਾਨ ਬਣ ਕੇ
ਪੰਜਾਬੀਆਂ ਲਈ ਰੱਬ ਦਾ ਐਲਾਨ ਬਣ ਕੇ
ਸੁਹਣੀ ਲਈ ਜਿੱਦਾਂ ਮਹੀਂਵਾਲ ਆ ਗਿਆ
ਏਨੀ ਵਾਰ ਹਾਲ-ਚਾਲ ਪੁੱਛਣ ਪੰਜਾਬੀਆਂ ਦਾ
ਅੱਜ ਫੇਰ ਦੇਖੋ ਗੁਜਰਾਲ ਆ ਗਿਆ।
----
ਪੰਜਾਬ ਸਿਰ ਕਰਜ਼ੇ ਨੂੰ ਮਾਫ਼ ਕਰ ਕੇ
ਸਾਰੇ ਲੇਖੇ-ਜੋਖਿਆਂ ਨੂੰ ਸਾਫ ਕਰ ਕੇ
ਦੁੱਖਾਂ ਦਰਦਾਂ ਦਾ ਦੇਖੋ ਭਾਈਵਾਲ ਆ ਗਿਆ,
ਏਨੀ ਵਾਰ ਹਾਲ-ਚਾਲ ਪੁੱਛਣ ਪੰਜਾਬੀਆਂ ਦਾ
ਅੱਜ ਫੇਰ ਦੇਖੋ ਗੁਜਰਾਲ ਆ ਗਿਆ।
*17 ਅਕਤੂਬਰ, 1997 ਨੂੰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਦਹਿਸ਼ਤਗਰਦੀ ਵਿਰੋਧੀ ਲੜਾਈ ਲੜਦਿਆਂ ਪੰਜਾਬ ਸਿਰ ਚੜ੍ਹਿਆ ਹੋਇਆ ਬਹੁ-ਕਰੋੜੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕਰਨ ਲਈ ਜਲੰਧਰ ਆਉਣਾ ਸੀ।ਪੰਜਾਬ ਦੀ ਅਕਾਲੀ ਸਰਕਾਰ ਸ਼੍ਰੀ ਗੁਜਰਾਲ ਦਾ ਸੁਆਗਤ ਬਹੁਤ ਹੀ ਬੇਮਿਸਾਲ ਤੇ ਇਤਿਹਾਸਕ ਢੰਗ ਨਾਲ ਕਰਨਾ ਚਾਹੁੰਦੀ ਸੀ। ਉੱਚ ਅਧਿਕਾਰੀਆਂ ਨੇ ਆਪਣੀ-ਆਪਣੀ ਅਕਲ ਦੇ ਘੋੜੇ ਦੌੜਾਏ, ਜਿਨ੍ਹਾਂ ਵਿਚੋਂ ਇਕ ਘੋੜਾ ਇਹ ਸਮੂਹ ਗਾਣ ਲਿਖਣ ਵਾਲੇ ਇਸ ਸ਼ਾਇਰ ਕੋਲ ਵੀ ਪਹੁੰਚ ਗਿਆ। ਇਸ ਸ਼ਾਇਰ ਨੂੰ ਸਬੰਧਤ ਅਧਿਕਾਰੀ ਨੇ ਕਿਹਾ ਕਿ ਇਹ ਗੀਤ, ਸ਼੍ਰੀ ਗੁਜਰਾਲ ਦੇ ਸੁਆਗਤ ਲਈ ਡੇਢ ਸੌ ਗਾਇਕ ਕਲਾਕਾਰ ਗਾਉਣਗੇ, ਜਿਸ ਕਰ ਕੇ ਹੁਣ ਇਹ ਗੀਤ ਨਹੀਂ, ਸਗੋਂ ਇਸ ਦੇ ਸ਼ਾਇਰ ਨੂੰ ਮਾਲਾਮਾਲ ਕਰ ਦੇਣ ਦਾ ਸਰਕਾਰੀ ਪ੍ਰਵਾਨਾ ਬਣ ਗਿਆ ਹੈ।ਇੰਨਾ ਪਸੰਦ ਆਉਣ ਦੇ ਬਾਵਜੂਦ ਇਹ ਗੀਤ ਉਸ ਦਿਨ ਇਕ ਵੀ ਗਾਇਕ ਵਲੋਂ ਗਾਇਆ ਨਾ ਗਿਆ, ਜਿਸ ਕਰ ਕੇ ਪੰਜਾਬ ਦਾ ਕਰਜ਼ਾ ਮੁਆਫ਼ ਕਰਨ ਆਏ ਪ੍ਰਧਾਨ ਮੰਤਰੀ ਦੇ ਸੁਆਗਤ ਲਈ ਇਹ ਗੀਤ ਲਿਖਣ ਵਾਲਾ ਸ਼ਾਇਰ ਕਈ ਵਰ੍ਹੇ ਕਰਜ਼ਈ ਰਿਹਾ ਸੀ ਕਿਉਂ ਕਿ ਉਹ ਅੱਜ ਵੀ ਇਸ ਗੀਤ ਦਾ ਸੇਵਾ ਫਲ ਉਡੀਕ ਰਿਹਾ ਹੈ।

1 comment:

ਖ਼ਾਕਸਾਰ

My photo
ਇਹ ਬੰਦਾ "ਪੀਪਲਜ਼ ਪਾਰਟੀ ਆਫ ਪੰਜਾਬ" ਦੇ 'ਮੀਡੀਆ ਸਲਾਹਕਾਰ' ਦਾ ਅਹੁਦਾ ਛੱਡ ਗਿਆ ਹੈ। ਇਸ ਨੇ 'ਮੌਨ ਅਵੱਸਥਾ ਦੇ ਸੰਵਾਦ' ਨਾਂ ਦਾ ਇਕ ਕਾਵਿ ਸੰਗ੍ਰਹਿ, 'ਸਭ ਤੋਂ ਗੰਦੀ ਗਾਲ਼' ਨਾਂ ਦਾ ਨਾਟਕ ਸੰਗ੍ਰਹਿ, ਲਿਖੇ ਹੋਏ ਹਨ। ਫ਼ਿਲਮਾਂ ਬਣਾਉਣ ਦੇ ਹੁਨਰ ਬਾਰੇ ਇਸ ਸ਼ਖ਼ਸ ਦੀ ਲਿਖੀ ਹੋਈ ਕਿਤਾਬ 'ਫ਼ਿਲਮਸਾਜ਼ੀ' ਪੰਜਾਬੀ ਵਿਚ ਸਿਨੇਮਾ ਬਾਰੇ ਇਕਲੌਤੀ ਕਿਤਾਬ ਹੈ। ਬੱਤੀ-ਤੇਤੀ ਸਾਲ ਪੰਜਾਬੀ ਦੇ ਕਈ ਅਖ਼ਬਾਰਾਂ ਵਿਚ ਖ਼ਬਰਾਂ ਤੇ ਫੀਚਰਾਂ ਉੱਤੇ ਕਲਮ ਵਾਹੁਣ ਦੇ ਨਾਲ-ਨਾਲ ਕਈ ਸਾਲ ਫ਼ਿਲਮਾਂ ਦੀ ਕਲਮੀ ਚੀਰ-ਫਾੜ ਕਰਦਾ ਰਿਹਾ ਇਹ ਬੰਦਾ ‘ਮਾਹੌਲ ਠੀਕ ਹੈ’, ‘ਜ਼ੋਰਾਵਰ’ ਜਿਹੀਆਂ ਫੀਚਰ ਫ਼ਿਲਮਾਂ ਅਤੇ ‘ਕੰਮੋ’ ਨਾਂ ਦੀ ਟੈਲੀ ਫ਼ਿਲਮ ਦੀਆਂ ਸਕਰਿਪਟਸ ਲਿਖ ਚੁੱਕਾ ਹੈ। ਆਕਾਸ਼ਵਾਣੀ ਦੇ ਸਾਲਾਨਾ ਨਾਟਕ ਲਿਖਣ ਮੁਕਾਬਲੇ ਵਿਚ ਇਸ ਦੇ ਰੇਡੀਓ ਨਾਟਕ ‘ਇਸ਼ਤਿਹਾਰ’ ਨੂੰ ਸੂਚਨਾ ਤੇ ਪ੍ਰਸਾਰਣ ਵਿਭਾਗ ਵਲੋਂ ਨੈਸ਼ਨਲ ਐਵਾਰਡ ਦਿੱਤਾ ਜਾ ਚੁੱਕਾ ਹੈ। 2010 ਵਿਚ ਇਸ ਨੇ ਸ਼ਹੀਦ ਬਾਬਾ ਬੂਝਾ ਸਿੰਘ ਦੇ ਜੀਵਨ ਦੇ ਆਧਾਰ ’ਤੇ ਇਕ ਫੀਚਰ ਫਿਲਮ ‘ਬਾਬਾ ਇਨਕਲਾਬ ਸਿੰਘ’ ਬਣਾਉਣ ਲਈ ਮਹੂਰਤ ਕੀਤਾ ਸੀ। ਸਕਰਿਪਟ ਲਿਖਣ ਦੇ ਨਾ਼ਲ-ਨਾਲ਼ ਫ਼ਿਲਮ ਦੇ ਡਾਇਰੈਕਸ਼ਨ ਦੀ ਜ਼ਿੰਮੇਵਾਰੀ ਵੀ ਇਸੇ ਨੂੰ ਸੌਂਪੀ ਗਈ ਸੀ। ਹੁਣ ਤਾਂ ਉਹ 'ਤੇਰੀ ਫ਼ਿਲਮ' ਨਾਂ ਦੀ ਇਕ ਹਿੰਦੁਸਤਾਨੀ ਸ਼ਾਰਟ ਫ਼ਿਲਮ ਬਣਾ ਕੇ ਤੇ ਟੋਰਾਂਟੋ ਦੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਰਿਲੀਜ਼ ਕਰ ਕੇ, ਵੱਡੇ-ਵੱਡੇ ਫ਼ਿਲਮਸਾਜ਼ਾਂ ਦੀ ਹਾਜ਼ਰੀ ਵਿਚ ਆਪਣੀ ਲਿਖਣ ਤੇ ਨਿਰਦੇਸ਼ਨ ਕਲਾ ਦੇ ਜਲਵੇ ਦਿਖਾ ਚੁੱਕਾ ਹੈ। ਹਾਲ ਹੀ ਵਿਚ ਉਹ ਇਕ ਕਾਮੇਡੀ ਫ਼ਿਲਮ ‘ਇਸ਼ਕ ਦੀ ਨਵੀਓਂ ਨਵੀਂ ਬਹਾਰ’ ਦੀ ਕਹਾਣੀ ਤੇ ਪਟਕਥਾ ਲਿਖ ਹਟਿਆ ਹੈ। ਇਸ ਦਾ ਜੇਬੀ ਫੋਨ ਨੰਬਰ : 001-778-378-9669 ਹੈ ਅਤੇ ਈ-ਮੇਲ ਸਿਰਨਾਵਾਂ bababax@gmail.com ਹੈ।

ਕੁਦਰਤੀਆਂ

ਕੁਦਰਤੀਆਂ
ਕੁਦਰਤ ਏਦਾਂ ਕਰ ਸਕਦੀ ਜੇ ਕੁਦਰਤੀਆਂ, ਆਪਾਂ ਵੀ ਕਰ ਸਕਦੇ ਹਾਂ ‘ਬਖ਼ਸ਼ਿੰਦਰੀਆਂ’

ਕੋਈ ਉਸਤਾਦ ਦੱਸੇਗਾ ਕਿ ਇਨ੍ਹਾਂ ਲਹਿਰਾਂ ਦਾ ਛੰਦ ਕਿਹੜਾ ਹੈ, ਬਹਿਰ ਕਿਹੜੀ ਹੈ

ਇਕ ਨਜ਼ਰ ਇੱਧਰ ਵੀ ਹਜ਼ੂਰ !