ਕੀ ਸਿੱਖੀ ਲਚਕਦਾਰ ਹੋ ਗਈ?
ਗੁਰੂਆਂ ਨੇ ਕਦੇ ਵੀ ਮਨੁੱਖ ਜਾਤੀ ਵਿਚ ਵੰਡੀਆਂ ਨਹੀਂ ਪਾਈਆਂ ਸਨ। ਸਗੋਂ ਖ਼ਾਲਸਾ ਪੰਥ ਸਾਜਣ ਵੇਲ਼ੇ ਸਾਰੀਆਂ ਜਾਤਾਂ-ਪਾਤਾਂ ਦਾ ਫ਼ਰਕ ਮਿਟਾਉਂਦਿਆਂ ਸਭ ਨੂੰ ‘ਸਿੱਖ’ ਜਾਂ ‘ਸਿੰਘ’ ਬਣਾ ਦਿੱਤਾ ਸੀ। ਹੁਣ ਲੱਗਦਾ ਹੈ ਕਿ ਸਿੱਖੀ ਵਿਚ ਫ਼ਿਰ ਜਾਤ ਤੇ ਨਸਲ ਦਾ ਫ਼ਰਕ ਹੋਣ ਲੱਗ ਪਿਆ ਹੈ। ਹਾਲ ਹੀ ਵਿਚ ਇਹ ਗੱਲ ਬਹੁਤ ਹੀ ਉੱਭਰ ਕੇ ਉਸ ਵੇਲ਼ੇ ਸਾਹਮਣੇ ਆਈ ਜਦੋਂ ਕੈਨੇਡਾ ਦੇ ਸੂਬੇ ਓਂਟਾਰੀਓ ਦੀ ਪ੍ਰੀਮੀਅਰ ਯਾਨੀ ਮੁੱਖ ਮੰਤਰੀ ਕੈਥਲੀਨ ਵੀਨੀ, ਪੰਜਾਬ ਵਿਚ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੀ। ਕੈਨੇਡਾ ਦੀ ਇਸ ਸਿਆਸਤਦਾਨ ਨੂੰ ਸਮਲਿੰਗੀ ਸਬੰਧਾਂ ਦੀ ਹਮਾਇਤ ਕਰਨ ਦੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਪਾਓ ਨਾ ਦੇਣ ਦਾ ਫੈਸਲਾ ਕਰ ਲਿਆ।
ਇੱਥੇ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਸੰਨ 2005 ਵਿਚ ਇਹੋ ਕਮੇਟੀ ਸਮਲਿੰਗੀ ਸਬੰਧਾਂ ਦੇ ਹਮਾਇਤੀ ਹੀ ਨਹੀਂ, ਸਮਲਿੰਗੀ ਸਬੰਧਾਂ ਵਿਚ ਲੀਨ ਇਕ ਸਿੱਖ ਆਗੂ ਨੂੰ ਸਿਰੋਪਾਓ ਦੇ ਚੁੱਕੀ ਹੈ।ਇੱਥੇ ਇਹ ਗੱਲ ਚਿਤਾਰਨੀ ਵੀ ਬਣਦੀ ਹੈ ਕਿ ਜਨਵਰੀ 2005 ਵਿਚ ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਸੀ ਕਿ ਸਮਲਿੰਗੀ ਸਬੰਧ ਸਿੱਖ ਧਰਮ ਦੀ ਮਰਿਆਦਾ ਦੇ ਖ਼ਿਲਾਫ਼ ਹਨ। ਉਨ੍ਹਾਂ ਦੇ ਖ਼ਿਆਲ ਅਨੁਸਾਰ ਇਸ ਤਰ੍ਹਾਂ ਦੇ ਸਬੰਧ ਗ਼ੈਰਕੁਦਰਤੀ ਹਨ। ਇਸ ਦੇ ਬਾਵਜੂਦ, ਉਸੇ ਹੀ ਸਾਲ, ਉਸੇ ਮਹੀਨੇ, ਕੈਨੇਡਾ ਦੇ ਸਦਨ ‘ਹਾਊਸ ਆਫ਼ ਕਾਮਨਜ਼’ ਦੇ ਇਕ ਮੈਂਬਰ, ਜੋ ਸਮਲਿੰਗੀ ਸਬੰਧਾਂ ਦਾ ਹਮਾਇਤੀ ਸੀ, ਨੂੰ ਦਰਬਾਰ ਸਾਹਿਬ ਵਿਚ ਸਿਰਪਾਓ ਦਿੱਤਾ ਗਿਆ ਸੀ। ਜਥੇਦਾਰ ਵੇਦਾਂਤੀ ਵੱਲੋਂ ਇਹ ਸੰਦੇਸ਼ ਦੇਣ ਦੀ ਵਜ੍ਹਾ ਨਾਲ਼ ਹੀ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਪਾਲ ਮਾਰਟਿਨ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਣ ਦਾ ਖ਼ਿਆਲ ਛੱਡ ਦਿੱਤਾ ਸੀ।ਜਦੋਂ ਇਕ ਪੱਤਰਕਾਰ ਨੇ ਜਥੇਦਾਰ ਵੇਦਾਂਤੀ ਨੂੰ ਚੇਤੇ ਕਰਾਇਆ ਕਿ 2005 ਵਿਚ ਅਜਿਹੇ ਸਬੰਧਾਂ ਦੇ ਹਮਾਇਤੀ ਇਕ ਸਿੱਖ ਆਗੂ ਨੂੰ ਸਿਰੋਪਾਓ ਦਿੱਤਾ ਗਿਆ ਸੀ ਤਾਂ ਜਥੇਦਾਰ ਵੇਦਾਂਤੀ ਨੇ ਕਿਹਾ ਕਿ ਉਸ ਵੇਲ਼ੇ ਉਹ ਅਕਾਲ ਤਖ਼ਤ ਦੇ ਜਥੇਦਾਰ ਨਹੀਂ ਸਨ।ਕੁੱਝ ਸਿੱਖ ਵਿਦਵਾਨਾਂ ਦਾ ਕਹਿਣ ਹੈ ਕਿ ਕੈਥਰੀਨ ਵੀਨੀ ਉੱਤੇ ਅਕਾਲ ਤਖ਼ਤ ਦਾ ਹੁਕਮ ਲਾਗੂ ਨਹੀਂ ਹੁੰਦਾ ਕਿਉਂ ਕਿ ਇਹ ਬੀਬੀ ਸਿੱਖ ਨਹੀਂ ਹੈ।ਇਕ ਸੂਚਨਾ ਮੁਤਾਬਕ, ਬਾਅਦ ਵਿਚ ਕੈਥਰੀਨ ਵੀਨੀ ਨੂੰ ਸਿਰੋਪਾਓ ਦੇ ਕੇ ਸ਼੍ਰੋਮਣੀ ਕਮੇਟੀ ਆਪਣੀ ਇਹ ਭੁੱਲ ਸੁਧਾਰ ਲਈ ਹੈ।
****
ਜਦੋਂ ਇਹ ਡਰ ਹੋਵੇ ਕਿ ਕਿਸੇ ਸਿਆਸਤਦਾਨ ਨੇ ਅਗਲੇ ਹੀ ਦਿਨ ਆਪਣਾ ਬਿਆਨ ਬਦਲ ਲੈਣਾ ਏ ਤਾਂ ਪੱਤਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪਹਿਲੇ ਦਿਨ ਹੀ ਉਸ ਨੇਤਾ ਦੇ ਉਸ ਖ਼ਾਸ ਬਿਆਨ ਵਾਲ਼ੀ ਖ਼ਬਰ ਵਿਚ ਬ੍ਰੈਕਟਾਂ ਵਿਚ ਇਹ ਲਿਖ ਦਿਆ ਕਰਨ “ਹੋ ਸਕਦਾ ਹੈ ਕਿ ਨੇਤਾ ਜੀ ਭਲਕੇ ਹੀ ਇਹ ਕਹਿ ਦੇਣ ਕਿ ਉਨ੍ਹਾਂ ਦਾ ਬਿਆਨ ਤੋੜ-ਮਰੋੜ ਕੇ ਛਾਪਿਆ ਗਿਆ ਹੈ”।
ਆਮ ਜ਼ਿੰਦਗ਼ੀ ਵਿਚ ‘ਥੁੱਕ ਕੇ ਚੱਟਣਾ’ ਬਹੁਤ ਬੁਰਾ ਸਮਝਿਆ ਜਾਂਦਾ ਹੈ, ਜਦੋਂ ਕਿ ਸਿਆਸਤ ਵਿਚ ‘ਥੁੱਕਿਆ ਚੱਟਣਾ’ ਬਹੁਤ ਹੀ ਸੁਆਦਲੀ ਚੀਜ਼ ਸਮਝਿਆ ਜਾਂਦਾ ਹੈ। ਇਸ ਦੀ ਤਾਜ਼ਾ ਮਿਸਾਲ, ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵਿਚ ਵਿੱਤ ਮੰਤਰੀ ਰਹੇ ਯਸ਼ਵੰਤ ਸਿਨ੍ਹਾ ਹਨ। ਸ਼੍ਰੀ ਸਿਨ੍ਹਾ ਨੇ ਇਹ ਕਿਹਾ ਸੀ ਕਿ ਨਰਿੰਦਰ ਮੋਦੀ ਦਾ ਹਾਲ ਵੀ ਉਹੋ ਜਿਹਾ ਹੀ ਹੋਣਾ ਹੈ, ਜਿਹੋ ਜਿਹਾ ਇੰਦਰਾ ਗਾਂਧੀ ਦਾ ਹੋਇਆ ਸੀ। ਭਾਵੇਂ ਉਨ੍ਹਾਂ ਦੇ ਇਸ ਫ਼ਿਕਰੇ ਦੇ ਬਹੁਤ ਸਾਰੇ ਅਰਥ ਕੱਢਣੇ ਕੋਈ ਔਖੇ ਨਹੀਂ ਹਨ, ਪਰ ਇਹ ਬਿਆਨ ਦੇਣ ਤੋਂ ਅਗਲੇ ਹੀ ਦਿਨ ਸਿਨ੍ਹਾ ਸਾਹਿਬ ਇਸ ਤੋਂ ਮੁੱਕਰ ਗਏ। ਉਨ੍ਹਾਂ ਨੇ ਤਾਂ ਇਸ ਬਿਆਨ ਉੱਤੇ, ਇਹ ਕਹਿ ਕੇ ਗਾਚਣੀ ਫੇਰ ਦਿੱਤੀ ਕਿ ‘ਉਨ੍ਹਾਂ ਦਾ ਬਿਆਨ ਛਾਪਣ ਵੇਲ਼ੇ ਬਦਲ ਦਿੱਤਾ ਗਿਆ ਹੈ’।
****
ਕੁੱਝ ਖ਼ਬਰਾਂ ਨਾਲ਼ ਸਾਡਾ ਦੂਰ ਦਾ ਸਬੰਧ ਵੀ ਨਾ ਹੋਣ ਦੇ ਬਾਵਜੂਦ ਇਕ ਮਨੁੱਖੀ ਸਬੰਧ ਜ਼ਰੂਰ ਹੁੰਦਾ ਹੈ। ਇਟਲੀ ਦੇ ਸ਼ਹਿਰ ਓਸਤਾਨਾ ਵਿਚ, ਪਿਛਲੇ 28 ਸਾਲਾਂ ਦੌਰਾਨ
ਪਹਿਲੇ ਬੱਚੇ ਨੇ ਜਨਮ ਲਿਆ ਹੈ। ਇਸ ਬੱਚੇ ਦਾ ਨਾਂ ‘ਪਾਬਲੋ’ ਰੱਖਿਆ ਗਿਆ ਹੈ। ਉਹ ਇਸ ਸ਼ਹਿਰ ਦਾ 85ਵਾਂ ਵਾਸੀ ਹੈ।ਵੀਹਵੀਂ ਸਦੀ ਦੇ ਸ਼ੁਰੂ ਵਿਚ ਓਸਤਾਨਾ ਦੀ ਅਬਾਦੀ ਇਕ ਹਜ਼ਾਰ ਤੋਂ ਵੱਧ ਸੀ। ਵੀਹਵੀਂ ਸਦੀ ਵਿਚ ਹੀ ਇਸ ਸ਼ਹਿਰ ਦੀ ਅਬਾਦੀ ਏਦਾਂ ਘਟ ਗਈ, ਜਿੱਦਾਂ ਇਸ ਦੈਂਤ ਫਿਰ ਗਿਆ ਹੋਵੇ। 1976 ਤੋਂ 1987 ਤਕ ਦੇ ਸਮੇਂ ਦੌਰਾਨ ਇਸ ਸ਼ਹਿਰ ਵਿਚ ਮਸਾਂ 17 ਬੱਚੇ ਜੰਮੇ ਸਨ।
****
ਕੈਨੇਡਾ ਵਿਚ ਕੀ, ਕਿਸੇ ਵੀ ਮੁਲਕ ਵਿਚ ਚੁੰਮੀ ਲੈਂਦੇ ਲੋਕ ਇਕੋ ਜਿਹੇ ਹੀ ਲੱਗਦੇ ਹਨ ਜਦੋਂ ਕਿ ਅਸਲ ਵਿਚ ਏਦਾਂ ਨਹੀਂ ਹੈ। ਕੈਨੇਡਾ ਦੇ ਹਰ ਸੂਬੇ ਦੇ ਲੋਕ ਇਸ ਮਾਮਲੇ ਵਿਚ ਵੱਖੋ-ਵੱਖ ਹਨ।
ਇਹ ਜਾਣਕਾਰੀ, ਇਸ ਸਬੰਧ ਵਿਚ ਕਰਾਏ ਗਏ ਇਕ ਸਰਵੇਖਣ ਤੋਂ ਸਾਹਮਣੇ ਆਈ ਹੈ। ਇਸ ਸਰਵੇਖਣ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਲੋਕ, ਦੂਜੇ ਸੂਬਿਆਂ ਦੇ ਲੋਕਾਂ ਦੇ ਮੁਕਾਬਲੇ ਔਸਤਨ ਤਿੰਨ ਗੁਣਾ ਵੱਧ ਲੰਬੀ ਚੁੰਮੀ ਲੈਂਦੇ ਹਨ। ਅਲਬਰਟਾ ਦੇ ਲੋਕਾਂ ਨੂੰ ਚੁੰਮੀ ਲੈਣ ਦਾ ਚੱਜ ਹੀ ਨਹੀਂ ਹੈ। ਅਲਬਰਟਾ ਵਿਚ ਇਹੋ ਜਿਹੇ ਲੋਕ 22 ਫੀ ਸਦੀ ਹਨ ਜਦੋਂ ਕਿ ਬ੍ਰਿਟਿਸ਼ ਕੋਲੰਬੀਆ ਵਿਚ ਇਹੋ ਜਿਹੇ ਕੁਚੱਜੇ ਲੋਕ 17 ਫੀ ਸਦੀ ਹਨ।
ਕਿਊਬੈੱਕ ਦੇ ਲੋਕ ਚੁੰਮੀ ਦਾ ‘ਫਰੈਂਚ ਕਿੱਸ’ ਅੰਦਾਜ਼ ਜ਼ਿਆਦਾ ਪਸੰਦ ਕਰਦੇ ਹਨ। ਕਿਊਬੈੱਕ ਦੇ 47 ਫੀ ਸਦੀ ਲੋਕਾਂ ਦਾ ਕਹਿਣ ਹੈ ਕਿ ਉਹ ਚੁੰਮੀ ਲੈਣ ਵੇਲ਼ੇ, ਜੀਭ ਨੂੰ ਤਰਜੀਹ ਦਿੰਦੇ ਹਨ ਜਦੋਂ ਕਿ ਕਿਊਬੈੱਕ ਦੇ 24 ਫੀ ਸਦੀ ਲੋਕ, ਫੋਕਾ ਪਚਾਕਾ ਜਿਹਾ ਮਾਰ ਕੇ ਹੀ ਸਾਰ ਲੈਂਦੇ ਹਨ। ਪੂਰੇ ਕੈਨੇਡਾ ਵਿਚ ਇਹੋ ਜਿਹੇ ਲੋਕ 38 ਫੀ ਸਦੀ ਹੀ ਹਨ। ਚੁੰਮੀਆਂ ਲੈਣ-ਦੇਣ ਦੀਆਂ ਬਾਰੀਕੀਆਂ ਦੇ ਸਬੰਧ ਵਿਚ ਇਹ ਸਰਵੇਖਣ, ਬੁੱਲ੍ਹਾਂ ਨੂੰ ਸ਼ੰਗਾਰਨ ਦਾ ਸਾਮਾਨ ਬਣਾਉਣ ਵਾਲ਼ੀ ਇਕ ਕੰਪਨੀ ਨੇ ਕਰਾਇਆ ਸੀ।
ਪਿਛਲੇ ਸਾਲ ਕਰਾਏ ਗਏ ਇਕ ਹੋਰ ਸਰਵੇਖਣ ਵਿਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਚੁੰਮੀ ਲੈਣ ਦਾ ਅੰਦਾਜ਼, ਹਰ ਸਭਿਆਚਾਰ ਦਾ ਆਪੋ-ਆਪਣਾ ਹੈ। ਇਸ ਸਰਵੇਖਣ ਵਿਚ ਜਹਾਨ ਭਰ ਵਿਚੋਂ ਵੱਖ-ਵੱਖ ਨਸਲਾਂ ਦੇ 168 ਸਰੀਰ ਸ਼ਾਮਲ ਕੀਤੇ ਗਏ ਸਨ। ਉਨ੍ਹਾਂ ਦੇ ਚੁੰਮੀ ਲੈਣ ਦੇ ਅੰਦਾਜ਼ਾਂ ਵਿਚ ਭੋਰਾ ਵੀ ਇਕਸਾਰਤਾ ਜਾਂ ਸਰਬ ਵਿਆਪਕਤਾ ਨਹੀਂ ਸੀ। ਉਨ੍ਹਾਂ ਵਿਚੋਂ 46 ਫੀ ਸਦੀ ਲੋਕ ਹੀ ਚੁੰਮਣ ਵਟਾਉਣ ਵੇਲ਼ੇ ਰੁਮਾਨੀ ਹੋਏ ਸਨ।
ਇਨ੍ਹਾਂ ਸਰਵੇਖਣਾਂ ਤੋਂ ਇਕ ਸਾਰਥਕ ਨੁਕਤਾ ਸਾਹਮਣੇ ਆਇਆ ਹੈ ਕਿ ਜਿਹੜੇ ਲੋਕਾਂ ਨੂੰ ਚੁੰਮੀ ਲੈਣ ਤੋਂ ਕੋਈ ਰੁਮਾਨੀ ਜਾਂ ਆਸ਼ਕਾਨਾ ਤ੍ਰਿਪਤੀ ਨਹੀਂ ਹੁੰਦੀ, ਉਹ ਇਹ ਸਮਝ ਲੈਣ ਕਿ ਉਹ ਚੁੰਮਣ ਨਾ ਵਟਾ ਕੇ ਤੰਦਰੁਸਤ ਰਹਿਣ ਦਾ ਹੀਲਾ ਕਰਦੇ ਹਨ ਕਿਉਂ ਕਿ ਮਾਹਰਾਂ ਦਾ ਕਹਿਣ ਹੈ ਕਿ ਇਕ ਵਾਰੀ ਚੁੰਮੀ ਲੈਣ-ਦੇਣ ਨਾਲ਼ ਦੋਵੇਂ ਸਰੀਰ ਅੱਸੀ ਲੱਖ ਬੈਕਟੀਰੀਆ ਵੀ ਇਕ-ਦੂਜੇ ਨੂੰ ਲੈਂਦੇ-ਦਿੰਦੇ ਹਨ।
{ਬਾਕੀ ਫੇਰ ਸਹੀ}
No comments:
Post a Comment