ਮਾਂ ਨੀ ਮਾਂ ਮੈਂ ਉੱਡਣਾ ਚਾਹਵਾਂ
ਕੋਈ ਵੀ ਬੱਚਾ ਆਪਣੀ ਮਾਂ ਨੂੰ ਇਹ ਗੱਲ ਕਹੇ ਤਾਂ ਇਹ ਕੋਈ ਜੱਗੋਂ-ਜਹਾਨੋਂ ਤੇਰ੍ਹਵੀਂ ਗੱਲ ਨਹੀਂ ਹੋਵੇਗੀ, ਪਰ ਜੇ ਕੋਈ ਬੱਚਾ, ਬੱਚਾ ਵੀ ਨਹੀਂ ਸਗੋਂ ਬੱਚੀ ਤੇ ਬੱਚੀ ਵੀ ਉਹ, ਜਿਸ ਦੀਆਂ ਬਾਹਾਂ ਵੀ ਨਾ ਹੋਣ,ਇਹ ਗੱਲ ਆਪਣੀ ਮਾਂ ਨੂੰ ਕਹੇ ਤਾਂ ਮਾਂ ਦੀਆਂ ਉਂਗਲਾਂ ਬਦੋ-ਬਦੀ ਉਸ ਦੇ ਮੂੰਹ ਨੂੰ ਜਾਣੀਆਂ ਸੁਭਾਵਕ ਹੀ ਹੋਣਗੀਆਂ। ਜੀ ਹਾਂ, ਅਮਰੀਕਾ ਦੇ ਐਰੀਜ਼ੋਨਾ ਰਾਜ ਵਿਚ ਜੈਸਿਕਾ ਕੌਕਸ ਨਾਂ ਦੀ ਇਹੋ ਜਿਹੀ ਬੱਚੀ ਨੇ 1983 ਵਿਚ ਜਨਮ ਲਿਆ ਸੀ। ਉਸ ਦੀਆਂ ਬਾਹਾਂ, ਉਸ ਦੇ ਜੰਮਣ ਵੇਲ਼ੇ ਹੀ ਨਹੀਂ ਸਨ। ਗੱਲ ਬਹੁਤੀ ਲਮਕਾਉਣ ਤੋਂ ਬਗ਼ੈਰ ਹੀ ਦੱਸ ਦੇਈਏ ਕਿ ਜੈਸਿਕਾ, ਜਹਾਨ ਦੀ ਪਹਿਲੀ ਕੁੜੀ ਹੈ, ਜਿਸ ਕੋਲ ਬਾਹਾਂ ਤਾਂ ਨਹੀਂ ਹਨ, ਜਹਾਜ਼ ਉਡਾਉਣ ਦਾ ਲਾਇਸੈਂਸ ਹੈ। ਉਹ ਜਹਾਜ਼ ਉਡਾਉਣ ਸਮੇਤ ਆਪਣੇ ਸਾਰੇ ਕੰਮ, ਪੈਰਾਂ ਨਾਲ਼ ਕਰਦੀ ਹੈ।
ਉਹ ਆਪਣੀਆਂ ਅੱਖਾਂ ਵਿਚ ਕਾਨਟੈਕਟ ਲੈਨਜ਼ ਲਾ/ ਲਾਹ ਲੈਂਦੀ ਹੈ। ਉਹ ਪ੍ਰਮਾਣਤ ਸਕੂਬਾ ਡਾਈਵਰ ਵੀ ਹੈ। ਪਿਛਲੇ ਸਾਲ (2015) ਉਸ ਨੇ ਆਪਣੇ ਜੀਵਨ ਦੇ ਆਧਾਰ ਉੱਤੇ ‘ਡਿਸਆਰਮ ਯੂਅਰ ਲਿੱਮਿਟਸ’ ਨਾਂ ਦੀ ਕਿਤਾਬ ਵੀ ਲਿਖੀ ਹੈ। ਜੈਸਿਕਾ ਕੌਕ ਦੀ ਹਿੰਮਤ ਨੂੰ ਸਲਾਮ!
*****
ਪਿਛਲੇ ਦਿਨੀਂ ਮੁੰਬਈ ਹਵਾਈ ਅੱਡੇ ਉੱਤੇ ਸਾਬਤ ਅਧਿਕਾਰੀ ਵੱਲੋਂ ਇਕ ਅਪਾਹਜ ਕੁੜੀ ਨੂੰ ਤਲਾਸ਼ੀ ਦੇਣ ਲਈ ਨੰਗੀ ਹੋਣ ਲਈ ਮਜਬੂਰ ਕੀਤਾ ਗਿਆ। 24 ਸਾਲਾਂ ਦੀ ਉਮਰ ਦੀ ਕੁੜੀ ਅੰਤਰਾ ਤੇਲੰਗ ਦੀ ਇਕ ਲੱਤ ਨਕਲੀ ਹੈ। ਉਸ ਨੇ ਇਹ ਆਪਬੀਤੀ ਟਵਿੱਟਰ ਰਾਹੀਂ ਨਸ਼ਰ ਕੀਤੀ ਹੈ। ਹਵਾਈ ਅੱਡੇ ਉੱਤੇ ਇਕ ਇਸਤਰੀ ਅਧਿਕਾਰੀ ਨੇ ਅੰਤਰਾ ਨੂੰ ਆਪਣੀ ਜੀਨਜ਼ ਲਾਹ ਕੇ ਆਪਣੀ ਨਕਲੀ ਲੱਤ ਦਿਖਾਉਣ ਦਾ ਹੁਕਮ ਦਿੱਤਾ। ਉਸ ਨੂੰ ਆਪਣੀ ਨਕਲੀ ਲੱਤ ਲਾਹ ਕੇ ਸਕੈਨ ਕਰਾਉਣੀ ਪਈ। ਇਸ ਅਮਲ ਦੌਰਾਨ ਉਸ ਦੇ ਅਥਰੂ ਨਿੱਕਲ ਗਏ।
ਬੰਬ ਤਲਾਸ਼ਣ ਵਾਲ਼ੀ ਮਸ਼ੀਨ (ਈ. ਟੀ. ਡੀ.) ਨੇ ਸੰਕੇਤ ਦਿੱਤਾ ਸੀ ਕਿ ਅੰਤਰਾ ਦੀ ਨਕਲੀ ਲੱਤ ਵਿਚ ‘ਕੁੱਝ’ ਹੈ। ਕੀ ਸਮੇਂ-ਸਮੇਂ, ਹਵਾਈ ਅੱਡਿਆਂ ਉੱਤੇ ਲਗਾਏ ਹੋਏ ਯੰਤਰਾਂ ਦੀ ਪੜਤਾਲ ਕਰ ਕੇ ਉਨ੍ਹਾਂ ਦੀ ਕਾਰਗ਼ੁਜ਼ਾਰੀ ਯਕੀਨੀ ਬਣਾਉਣ ਦੀ ਲੋੜ ਨਹੀਂ? ਕੀ ਅਧਿਕਾਰੀਆਂ ਨੂੰ ਮੁਸਾਫ਼ਰਾਂ ਦੀ ਜਿਸਮਾਨੀ ਭਾਸ਼ਾ ਪੜ੍ਹਨੀ ਵੀ ਸਿਖਾਈ ਜਾਣੀ ਚਾਹੀਦੀ ਹੈ?
*****
ਕੈਨੇਡਾ ਵਿਚ ਔਰਤਾਂ ਨੂੰ ਔਰਤਾਂ ਨਾਲ਼ ਤੇ ਮਰਦਾਂ ਨੂੰ ਮਰਦਾਂ ਨਾਲ਼ ਵਿਆਹ ਕਰਾਉਣ ਦੀ ਕਾਨੂੰਨੀ ਖੁੱਲ੍ਹ ਦਿੱਤੀ ਹੋਣ ਨੂੰ ਦਸ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਦੇ ਬਾਵਜੂਦ ਕੈਨੇਡਾ ਦੇ ਸਮਲਿੰਗੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਉੱਤੇ ਵਿਆਹ ਕਰਾਉਣ ਦੇ ਸਬੰਧ ਵਿਚ ਵਧੇਰੇ ਦਬਾਅ ਹੈ। ਇਹ ਹਕੀਕਤ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸਮਾਜ ਸ਼ਾਸਤਰ ਵਿਗਿਆਨ ਵਿਭਾਗ ਵੱਲੋਂ ਹਾਲ ਹੀ ਵਿਚ ਕਰਾਏ ਗਏ ਇਕ ਸਰਵੇਖਣ ਤੋਂ ਸਾਹਮਣੇ ਆਈ ਹੈ।
ਇਸ ਸਰਵੇਖਣ ਦੀ ਰਿਪੋਰਟ ਲਿਖਣ ਵਿਚ ਮਦਦ ਕਰਨ ਵਾਲ਼ੀ ਕੈਥਰੀਨ ਲਯੋਨ ਨੇ ਦੱਸਿਆ ਕਿ ਇਸ ਸਰਵੇਖਣ ਖ਼ਾਤਰ ਸਮਲਿੰਗੀਆਂ ਨਾਲ਼ ਗੱਲਬਾਤ ਕਰਨ ਦੌਰਾਨ 22 ਸਮਲਿੰਗੀ ਜੋੜਿਆਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤਦਾਰ, ਉਨ੍ਹਾਂ ਦੇ ਜੋੜੀਦਾਰ/ ਜੋੜੀਦਾਰਨੀ ਨਾਲ਼ ਉਨ੍ਹਾਂ ਦੇ ਸਬੰਧਾਂ ਨੂੰ ਵਿਆਹ ਜਿੰਨੀ ਮਾਨਤਾ ਦੇਣ ਲਈ ਤਿਆਰ ਨਹੀਨ ਹਨ ਤੇ ਉਹ ਚਾਹੁੰਦੇ ਹਨ ਕਿ ਜੇ ਉਹ ਆਪਣੇ ਪਰਿਵਾਰਾਂ ਤੋਂ ਬਣਦੀ ਮਾਨਤਾ ਲੈਣੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵਿਆਹ ਕਰਾਉਣਾ ਹੀ ਪਵੇਗਾ।
*****
ਆਪਣੇ ਮੁਲਕ ਵਿਚ ਰਾਜਸਥਾਨ ਦੇ ਸ਼ਹਿਰ ਜੈਪੁਰ ਵਿਚ ਪਿਛਲੇ ਕੁੱਝ ਸਾਲਾਂ ਤੋਂ ਹਰ ਸਾਲ ਲੱਗਦਾ ‘ਜੈਪੁਰ ਸਾਹਿਤਕ ਮੇਲਾ’ ਐਤਕੀਂ ਕਾਫੀ ਰੌਲ਼ੇ-ਗੌਲ਼ੇ ਦਾ ਸ਼ਿ ਕਾਰ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਪੱਤਰਕਾਰ ਦੀਪ ਜਗਦੀਪ ਸਿੰਘ ਨੇ ਇਹ ਮੇਲਾ ਦੇਖ ਕੇ ਜੋ ਰਿਪੋਰਟ ਲਿਖੀ ਹੈ, ਉਹ ਵਿਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਇਸ ਸਾਹਿਤਕ ਕਹਾਉਂਦੇ ਮੇਲੇ ਉੱਤੇ ਨਾ ਸਿਰਫ਼ ਵਪਾਰਕ ਅਦਾਰਿਆਂ ਦਾ ਕਬਜ਼ਾ ਹੋ ਗਿਆ ਹੈ, ਸਗੋਂ ਇਸ ਉੱਤੇ ਕ੍ਰਿਕਟ ਸਿਆਸਤ ਵੀ ਭਾਰੂ ਹੋ ਗਈ ਹੈ। ਦੀਪ ਨੇ ਲਿਖਿਆ ਹੈ ਕਿ ਇਸ ਮੇਲੇ ਵਿਚ ਸਾਹਿੱਤ ਦੇ ਪ੍ਰਚਾਰ-ਪਸਾਰ ਦੀ ਥਾਂ, ਵਪਾਰਕ ਕੰਪਨੀਆਂ ਆਪਣ ਮਾਲ ਦਾ ਪ੍ਰਚਾਰ ਵਧੇਰੇ ਕਰਦੀਆਂ ਹਨ।
ਓਦਾਂ, ਦੀਪ ਨੇ ਸੋਸ਼ਲ ਮੀਡੀਆ ਉੱਤੇ ਇਹ ਰਿਪੋਰਟ ਨਸ਼ਰ ਕਰਨ ਵੇਲ਼ੇ ਆਪਣੇ ਪ੍ਰਕਾਸ਼ਨ ਅਦਾਰੇ ਦਾ ਪ੍ਰਚਾਰ ਕਰ ਦਾ ਮੋਹ ਵੀ ਨਹੀਂ ਤਿਆਗਿਆ। ਸ਼ਾਇਦ ਉਸ ਨੂੰ ਇਸ ਸਤਰ ਤੋਂ, ਉਸ ਵੱਲੋਂ ਉਠਾਏ ਗਏ ਇਤਰਾਜ਼ਾਂ ਦਾ ਜੁਆਬ ਮਿਲ ਜਾਵੇ।
ਇਸ ਮੇਲੇ ਦੇ ਸਬੰਧ ਵਿਚ ਉਪੇਂਦਰ ਨਾਥ ‘ਅਸ਼ਕ’ ਦੇ ਸਾਹਿਬਜ਼ਾਦੇ ਅਤੇ ਅਸ਼ਕ ਸਾਹਿਬ ਦੀਆਂ ਕਿਤਾਬਾਂ ਛਾਪਣ ਦੇ ਉਦੇਸ਼ ਨਾਲ਼ ਸਥਾਪਤ ਕੀਤੇ ਹੋਏ ‘ਨੀਲਾਭ ਪ੍ਰਕਾਸ਼ਨ’ ਦੇ ਮਾਲਕ ਨੀਲਾਭ ਅਸ਼ਕ ਨੇ ਵੀ ਇਸ ਮੇਲੇ ਬਾਰੇ ਕੁੱਝ ਨੁਕਤਾਚੀਨੀ ਕੀਤੀ ਹੈ।ਉਨ੍ਹਾਂ ਨੇ ‘ਜੈਪੁਰ ਸਾਹਿਤਯੋਤਸਵ : ਪੈਸੇ ਕਾ ਖੇਲ’ ਸਿਰਲੇਖ ਹੇਠ ਲਿਖੇ ਇਕ ਲੇਖ ਵਿਚ ਏਦਾਂ ਫ਼ਰਮਾਇਆ ਹੈ :
ਯੇਹ ਕਿਆ ਜਗਹੇ ਹੈ ਦੋਸਤੋ, ਯੇਹ ਕੌਨ ਸਾ ਦਯਾਰ ਹੈ।
ਹੱਦਿ-ਨਿਗ਼ਾਹ ਤਕ ਜਹਾਂ ਗ਼ੁਬਾਰ ਹੀ ਗ਼ੁਬਾਰ ਹੈ॥
ਸਲਮਾਨ ਰਸ਼ਦੀ ਨਾਲ਼ ਸਬੰਧ ਰੱਖਦੀ ਇਕ ਘਟਨਾ ਦੇ ਸਬੰਧ ਵਿਚ ਇਸ ਮੇਲ਼ੇ ਵਿਚ ਸ਼ਾਮਲ ਲੇਖਕਾਂ ਨੂੰ ਹਦਾਇਤ ਕੀਤੀ ਹੋਈ ਸੀ ਕਿ ਉਹ ਇਸ ਮੇਲੇ ਵਿਚ ਜੋ ਕੁੱਝ ਵੀ ਕਰਨ, ਭਾਰਤੀ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕਰਨ। ਇਸ ਦੀ ਉਲੰਘਣਾ ਕਰਨ ਵਾਲ਼ੇ, ਅੰਗਰੇਜ਼ੀ ਦੇ ਚਾਰ ਲੇਖਕ ਤੁਰੰਤ ਹੀ ‘ਜੈਪੁਰੋਂ ਕੱਢ ਦਿੱਤੇ ਗਏ’। ਸਲਮਾਨ ਰਸ਼ਦੀ ਗ਼ੈਰਹਾਜ਼ਰ ਹੋ ਕੇ ਵੀ ਇਸ ਮੇਲੇ ਵਿਚ ਗ਼ੈਰਹਾਜ਼ਰ ਸੀ।
‘ਅਸ਼ਕ ਜੂਨੀਅਰ’ ਲਿਖਦੇ ਹਨ, “ਇਸ ਮੇਲੇ ਦੇ ਸਬੰਧ ਵਿਚ ਕਈ ਸੁਆਲ ਉੱਠਦੇ ਹਨ। ਪਹਿਲਾ ਸੁਆਲ ਇਹ ਹੈ ਕਿ ਇਹ ਮੇਲਾ ਕੌਣ ਲੁਆ ਰਿਹਾ ਹੈ ਤੇ ਇਸ ਦਾ ਮਕਸਦ ਕੀ ਹੈ। ਪ੍ਰਬੰਧਕਾਂ ਦਾ ਕਹਿਣ ਹੈ ਕਿ ਉਹ, ਇਹ ਮੇਲਾ ਕਲਾ, ਸੰਗੀ ਅਤੇ ਸਾਹਿਤ ਨੂੰ ਉਤਸ਼ਾਹ ਦੇਣ ਲਈ ਲਾ ਰਹੇ ਹਨ। ਹਕੀਕਤ ਇਹ ਹੈ ਕਿ ਸੰਜੀਦਾ ਸਾਹਿਤਕਾਰਾਂ ਨੂੰ ਇਸ ਮੇਲ਼ੇ ਵਿਚ ਨੁੱਕਰੇ ਲਾਈ ਰੱਖਿਆ ਜਾਂਦਾ ਹੈ ਜਦੋਂ ਕਿ ਗ਼ੁਲਜ਼ਾਰ, ਜਾਵੇਦ ਅਖ਼ਤਰ, ਕਪਿਲ ਸਿੱਬਲ, ਅਨੂਪਮ ਖੇਰ, ਸ਼ਸ਼ੀ ਥਰੂਰ, ਸੁਆਮੀ ਅਗਨੀਵੇਸ਼, ਚੇਤਨ ਭਗਤ, ਬਰਖਾ ਦੱਤ, ਕਬੀਰ ਬੇਦੀ, ਓਪਰਾ ਵਿਨਫਰੇ, ਅਸ਼ੋਕ ਚੱਕ੍ਰਧਰ, ਪ੍ਰਸੂਨ ਜੋਸ਼ੀ ਵਰਗੀਆਂ ਹਸਤੀਆਂ ਨੂੰ ਕਾਫੀ ਫੋਕੱਸ ਵਿਚ ਰੱਖਿਆ ਜਾਂਦਾ ਹੈ।”
ਦੇਖੋ ਜੀ, ਜਿੱਥੋਂ ਧੂੰਆਂ ਨਿੱਕਲਦਾ ਹੈ, ਉੱਥੇ ਅੱਗ ਵੀ ਜ਼ਰੂਰ ਹੁੰਦੀ ਹੈ। #
No comments:
Post a Comment